ਡਡਵਿੰਡੀ ਨੇੜੇ ਅਧੂਰੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਡਡਵਿੰਡੀ ਦੇ ਐਚਪੀ ਪੈਟਰੋਲ ਪੰਪ ਨੇੜੇ ਅਧੂਰੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ, ਲੋਕਾਂ ਨੇ ਹਾਦਸਿਆਂ ਦਾ ਖ਼ਤਰਾ ਘਟਣ ਦੀ ਉਮੀਦ ਜੱਤਾਈ
Publish Date: Sun, 25 Oct 2026 07:58 PM (IST)
Updated Date: Sun, 25 Oct 2026 08:01 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵਾਇਆ ਪਾਜੀਆਂ-ਡਡਵਿੰਡੀ ਜਾਣ ਵਾਲੀ ਚਾਰ ਮਾਰਗੀ ਬੇਬੇ ਨਾਨਕੀ ਸੜਕ ’ਤੇ ਪਿੰਡ ਡਡਵਿੰਡੀ ਦੇ ਐੱਚਪੀ ਪੈਟਰੋਲ ਪੰਪ ਨੇੜੇ ਪਿਛਲੇ ਕਈ ਮਹੀਨਿਆਂ ਤੋਂ ਅਧੂਰੇ ਪਏ ਹਿੱਸੇ ਦਾ ਨਿਰਮਾਣ ਕਾਰਜ ਹੁਣ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਾਰਜ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਤੇ ਰਾਹਗੀਰਾਂ ਨੇ ਰਾਹਤ ਮਹਿਸੂਸ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਤੱਕ ਬਣਾਈ ਗਈ ਇਸ ਚਾਰ ਮਾਰਗੀ ਸੜਕ ਦੇ ਨਿਰਮਾਣ ਤੋਂ ਕੁਝ ਸਮੇਂ ਬਾਅਦ ਹੀ ਕਈ ਥਾਵਾਂ ਤੋਂ ਸੜਕ ਟੁੱਟਣੀ ਸ਼ੁਰੂ ਹੋ ਗਈ ਸੀ। ਸੜਕ ’ਤੇ ਪਏ ਟੋਇਆਂ, ਉੱਚੀ-ਨੀਵੀਂ ਸਤ੍ਹਾ ਤੇ ਕੁਝ ਥਾਵਾਂ ’ਤੇ ਇੱਕ ਪਾਸੇ ਤੋਂ ਅਧੂਰੇ ਨਿਰਮਾਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੜਕ ਦੀ ਖ਼ਰਾਬ ਹਾਲਤ ਕਾਰਨ ਇਸ ਮਾਰਗ ’ਤੇ ਕਈ ਸੜਕ ਹਾਦਸੇ ਵਾਪਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ। ਇਨ੍ਹਾਂ ਹਾਦਸਿਆਂ ਦੌਰਾਨ ਕੁਝ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਵੀ ਗੁਆਉਣੀਆਂ ਪਈਆਂ ਸਨ। ਖ਼ਾਸ ਕਰਕੇ ਡਡਵਿੰਡੀ ਦੇ ਐੱਚਪੀ ਪੈਟਰੋਲ ਪੰਪ ਨੇੜੇ ਸੜਕ ਦਾ ਇੱਕ ਪਾਸਾ ਅਧੂਰਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਆਵਾਜਾਈ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਐੱਨਐੱਚਏਆਈ ਵੱਲੋਂ ਇਸ ਅਧੂਰੇ ਹਿੱਸੇ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਲਾਕੇ ਦੇ ਲੋਕਾਂ ਨੂੰ ਉਮੀਦ ਹੈ ਕਿ ਸੜਕ ਦਾ ਕੰਮ ਸਹੀ ਢੰਗ ਨਾਲ ਤੇ ਜਲਦ ਮੁਕੰਮਲ ਹੋਣ ਨਾਲ ਆਵਾਜਾਈ ਸੁਚਾਰੂ ਹੋਵੇਗੀ ਤੇ ਹਾਦਸਿਆਂ ਦੇ ਖ਼ਤਰੇ ਵਿੱਚ ਵੀ ਕਮੀ ਆਵੇਗੀ। ਇਲਾਕਾ ਨਿਵਾਸੀਆਂ ਨੇ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਨ ’ਤੇ ਤਸੱਲੀ ਪ੍ਰਗਟਾਈ ਹੈ ਤੇ ਉਮੀਦ ਜਤਾਈ ਹੈ ਕਿ ਬਾਕੀ ਰਹਿੰਦੇ ਕੰਮ ਨੂੰ ਵੀ ਜਲਦੀ ਪੂਰਾ ਕਰਕੇ ਸੜਕ ਨੂੰ ਆਵਾਜਾਈ ਲਈ ਸੁਰੱਖਿਅਤ ਬਣਾਇਆ ਜਾਵੇਗਾ।