ਬਾਈਪਾਸ ਚੌਂਕ ਤੋਂ ਡੀਸੀ ਚੌਂਕ ਤੱਕ ਸੜਕ ਦਾ ਨਿਰਮਾਣ ਸ਼ੁਰੂ ਕਪੂਰਥਲਾ–ਬਾਈਪਾਸ ਚੌਂਕ ਤੋਂ ਡੀਸੀ ਚੌਂਕ ਸੜਕ ਦਾ ਨਿਰਮਾਣ ਸ਼ੁਰੂ
Publish Date: Tue, 01 Sep 2026 10:19 PM (IST)
Updated Date: Tue, 01 Sep 2026 10:22 PM (IST)
ਸ਼ਹਿਰ ਦੇ 1.40 ਕਿਲੋਮੀਟਰ ਮੁੱਖ ਮਾਰਗ ਨੂੰ ਅਪਗ੍ਰੇਡ ਕਰਨ ਲਈ 79.74 ਲੱਖ ਰੁਪਏ ਦਾ ਪ੍ਰੋਜੈਕਟ ਤਿਆਰ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਸ਼ਹਿਰ ਦੇ ਸੜਕੀ ਢਾਂਚੇ ਨੂੰ ਵੱਡਾ ਹੁਲਾਰਾ ਦਿੰਦਿਆਂ, ਲੋਕ ਨਿਰਮਾਣ ਵਿਭਾਗ ਵੱਲੋਂ ਸ਼ਹਿਰ ਦੇ ਇੱਕ ਮਹੱਤਵਪੂਰਨ ਮਾਰਗ ਕਪੂਰਥਲਾ–ਬਾਈਪਾਸ ਚੌਂਕ ਤੋਂ ਡੀਸੀ ਚੌਂਕ ਸੜਕ ਨੂੰ ਅਪਗ੍ਰੇਡ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਪ੍ਰੋਜੈਕਟ 79.74 ਲੱਖ ਰੁਪਏ ਦੀ ਲਾਗਤ ਨਾਲ ਨੇਪਰੇ ਚਾੜ੍ਹਿਆ ਜਾ ਰਹਾ ਹੈ। 1.40 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਰਹਿਣ ਵਾਲਿਆਂ ਤੇ ਰਾਹਗੀਰਾਂ ਨੂੰ ਸੁਚਾਰੂ ਤੇ ਸੁਰੱਖਿਅਤ ਆਵਾਜਾਈ ਪ੍ਰਦਾਨ ਕਰਨ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਕਪੂਰਥਲਾ ਦੇ ਇਸ ਮਹੱਤਵਪੂਰਨ ਪਹੁੰਚ ਮਾਰਗ ਤੇ ਟ੍ਰੈਫਿਕ ਦੀ ਆਵਾਜਾਈ ਤੇ ਕਨੈਕਟੀਵਿਟੀ ਵਿੱਚ ਕਾਫ਼ੀ ਸੁਧਾਰ ਕਰੇਗਾ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਸੜਕਾਂ ਨੂੰ ਪਹਿਲ ਦੇ ਰਿਹਾ ਹੈ, ਜਿਨ੍ਹਾਂ ਤੇ ਭਾਰੀ ਟ੍ਰੈਫਿਕ ਹੁੰਦਾ ਹੈ ਤੇ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸੜਕਾਂ ਤੇ ਆਧੁਨਿਕ ਸ਼ਹਿਰੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਨਿਰਮਾਣ ਕਾਰਜ ਤੈਅਸ਼ੁਦਾ ਤਕਨੀਕੀ ਮਾਪਦੰਡਾਂ ਤੇ ਗੁਣਵੱਤਾ ਅਨੁਸਾਰ ਹੀ ਕਰਵਾਇਆ ਜਾਵੇ। ਉਨ੍ਹਾਂ ਵਿਭਾਗ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਪ੍ਰੋਜੈਕਟ ਸਮੇਂ ਸਿਰ ਪੂਰਾ ਕੀਤਾ ਜਾਵੇ ਤੇ ਨਿਰਮਾਣ ਦੌਰਾਨ ਰਾਹਗੀਰਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਤੋਂ ਘੱਟ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣ। ਇਸ ਦੌਰਾਨ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਿਸ਼ਾਲ ਜੰਗਰਾਲ ਨੇ ਦੱਸਿਆ ਕਿ ਗੁਣਵੱਤਾ ਤੇ ਪ੍ਰਵਾਨਿਤ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਰਮਾਣ ਕਾਰਜਾਂ ਦੀ ਹਰ ਪੜਾਅ ਤੇ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਠੇਕੇਦਾਰ ਅਪਗ੍ਰੇਡ ਕੀਤੀ ਗਈ ਸੜਕ ਦੀ ਪੰਜ ਸਾਲਾਂ ਲਈ ਰੱਖ-ਰਖਾਅ ਵਾਸਤੇ ਵੀ ਜ਼ਿੰਮੇਵਾਰ ਹੋਵੇਗਾ, ਜਿਸ ਨਾਲ ਇਸ ਦੀ ਸਹੀ ਸੰਭਾਲ ਤੇ ਗੁਣਵੱਤਾ ਬਰਕਰਾਰ ਰੱਖਣ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਨਗਰ ਨਿਗਮ ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ 82 ਲੱਖ ਰੁਪਏ ਦੇ ਕਈ ਵਿਕਾਸ ਕਾਰਜ ਸ਼ੁਰੂ ਕਰਨ ਜਾ ਰਿਹਾ ਹੈ, ਜਿਨ੍ਹਾਂ ਦਾ ਉਦੇਸ਼ ਸੜਕਾਂ, ਗਲੀਆਂ ਤੇ ਜਨਤਕ ਸੁਵਿਧਾਵਾਂ ਵਿੱਚ ਸੁਧਾਰ ਕਰਨਾ ਹੈ।