ਮੁਹੱਲਾ ਕੌਲਸਰ ’ਚ ਕਮਿਊਨਿਟੀ ਹਾਲ ਦੀ ਉਸਾਰੀ ਸ਼ੁਰੂ ਕਰਵਾਈ ਜਾਵੇ : ਅਮਨਦੀਪ ਕੌਰ ਮੁਹੱਲਾ ਕੌਲਸਰ’ਚ ਕਮਿਊਨਿਟੀ ਹਾਲ ਦੀ ਉਸਾਰੀ ਸ਼ੁਰੂ ਕਰਵਾਈ ਜਾਵੇ - ਅਮਨਦੀਪ ਕੌਰ ਕੌਂਸਲਰ
Publish Date: Wed, 02 Sep 2026 06:53 PM (IST)
Updated Date: Thu, 03 Sep 2026 04:01 AM (IST)
ਕੈਪਸ਼ਨ-02ਪੀਐਚਜੀ4 ਡਾ. ਬੀ.ਆਰ. ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਮਿਊਨਿਟੀ ਹਾਲ ਦੀ ਉਸਾਰੀ ਦਾ ਕੰਮ ਮੁੜ ਸ਼ੁਰੂ ਕਰਵਾਉਣ ਸਬੰਧੀ ਮੰਗ ਪੱਤਰ ਦਿੰਦੇ ਹੋਏ ਕੌਂਸਲਰ ਅਮਨਦੀਪ ਕੌਰ ਦੇ ਨਾਲ ਲੇਖਰਾਜ ਜਮਾਲਪੁਰ, ਰਾਮ ਮੂਰਤੀ ਖੇੜਾ ਅਤੇ ਹੋਰ। ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਡਾ. ਬੀ.ਆਰ. ਅੰਬੇਡਕਰ ਸਪੋਰਟਸ ਐਂਡ ਵੈੱਲਫੇਅਰ ਕਲੱਬ (ਰਜਿ.) ਮੁਹੱਲਾ ਕੌਲਸਰ ਫਗਵਾੜਾ ਵੱਲੋਂ ਖੋਥੜਾਂ ਰੋਡ ਸਥਿਤ ਡਾ. ਬੀ.ਆਰ. ਅੰਬੇਡਕਰ ਪਾਰਕ ਵਿਖੇ ਕਮਿਊਨਿਟੀ ਹਾਲ ਦੀ ਉਸਾਰੀ ਦਾ ਰੁਕਿਆ ਹੋਇਆ ਕੰਮ ਮੁੜ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਮੇਅਰ ਰਾਮਪਾਲ ਉੱਪਲ ਤੇ ਏ.ਡੀ.ਸੀ. ਰਣਦੀਪ ਸਿੰਘ ਹੀਰ ਨੂੰ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਵਾਰਡ ਕੌਂਸਲਰ ਅਮਨਦੀਪ ਕੌਰ ਅਤੇ ਲੇਖਰਾਜ ਜਮਾਲਪੁਰ ਹਲਕਾ ਇੰਚਾਰਜ ਬਸਪਾ ਤੋਂ ਇਲਾਵਾ ਰਾਮ ਮੂਰਤੀ ਖੇੜਾ, ਬੰਟੀ ਮੋਰਾਂਵਾਲੀ, ਸੰਦੀਪ ਕੁਮਾਰ ਤੇ ਸੁਖਵਿੰਦਰ ਸ਼ਿਵਪੁਰੀ ਨੇ ਦੱਸਿਆ ਕਿ ਡਾ. ਬੀ.ਆਰ. ਅੰਬੇਡਕਰ ਪਾਰਕ ਵਿਖੇ ਕਮਿਊਨਿਟੀ ਹਾਲ ਦੀ ਉਸਾਰੀ ਲਈ ਕਲੱਬ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਉਕਤ ਪਾਰਕ ਵਿੱਚ ਕਮਿਊਨਿਟੀ ਹਾਲ ਦੀ ਉਸਾਰੀ ਲਈ 45 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਅਤੇ ਗ੍ਰਾਂਟ ਸਬੰਧੀ ਦਸਤਾਵੇਜ਼ ਵੀ ਮੰਗ ਪੱਤਰ ਨਾਲ ਨੱਥੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਸਾਰੀ ਸਬੰਧੀ 2 ਫਰਵਰੀ 2021 ਨੂੰ ਟੈਂਡਰ ਲਗਾਇਆ ਗਿਆ ਸੀ, ਜਿਸ ਤੋਂ ਕਰੀਬ 4-5 ਮਹੀਨੇ ਬਾਅਦ ਕਮਿਊਨਿਟੀ ਹਾਲ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਸੀ। ਪਰ ਕੁਝ ਸਮੇਂ ਬਾਅਦ ਇਹ ਕੰਮ ਰੋਕ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਕਲੱਬ ਵੱਲੋਂ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਉਸਾਰੀ ਦਾ ਕੰਮ ਮੁੜ ਸ਼ੁਰੂ ਨਹੀਂ ਹੋ ਸਕਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਕਮਿਊਨਿਟੀ ਹਾਲ ਦੀ ਉਸਾਰੀ ਮੁਕੰਮਲ ਹੋਣ ਨਾਲ ਮੁਹੱਲਾ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਵੱਖ-ਵੱਖ ਸਮਾਜਿਕ ਤੇ ਸਾਂਝੇ ਸਮਾਗਮਾਂ ਲਈ ਇੱਕ ਢੁੱਕਵੀਂ ਜਗ੍ਹਾ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਗ੍ਰਾਂਟ ਜਾਰੀ ਹੋਣ ਅਤੇ ਕੰਮ ਸ਼ੁਰੂ ਹੋਣ ਦੇ ਬਾਵਜੂਦ ਲੰਮੇ ਸਮੇਂ ਤੋਂ ਕੰਮ ਅਧੂਰਾ ਪਿਆ ਰਹਿਣਾ ਨਿੰਦਣਯੋਗ ਹੈ। ਕੌਂਸਲਰ ਅਮਨਦੀਪ ਕੌਰ ਅਤੇ ਹਲਕਾ ਇੰਚਾਰਜ ਲੇਖਰਾਜ ਜਮਾਲਪੁਰ ਨੇ ਮੇਅਰ ਰਾਮਪਾਲ ਉੱਪਲ ਅਤੇ ਏ.ਡੀ.ਸੀ. ਰਣਦੀਪ ਸਿੰਘ ਹੀਰ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਮਿਊਨਿਟੀ ਹਾਲ ਦੀ ਉਸਾਰੀ ਦਾ ਰੁਕਿਆ ਹੋਇਆ ਕੰਮ ਜਲਦ ਮੁੜ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਮੁਹੱਲਾ ਵਾਸੀਆਂ ਨੂੰ ਇਸ ਸਹੂਲਤ ਦਾ ਲਾਭ ਮਿਲ ਸਕੇ।