ਡਾ. ਚੱਬੇਵਾਲ ਨੇ ‘ਆਪ’ ਦੇ ਨਾਰਾਜ਼ ਟਕਸਾਲੀ ਮੈਂਬਰਾਂ ਨਾਲ ਕੀਤੀ ਮੀਟਿੰਗ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਨੇ ‘ਆਪ’ ਦੇ ਟਕਸਾਲੀ ਫਾਊਂਡਰ ਮੈਂਬਰਾਂ ਨਾਲ ਕੀਤੀ ਮੀਟਿੰਗ
Publish Date: Fri, 21 Aug 2026 07:29 PM (IST)
Updated Date: Fri, 21 Aug 2026 07:30 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਆਮ ਆਦਮੀ ਪਾਰਟੀ ਦੇ ਹਲਕਾ ਫਗਵਾੜਾ ਦੇ ਇੰਚਾਰਜ ਤੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਵਿਧਾਨ ਸਭਾ ਹਲਕਾ ਫਗਵਾੜਾ ਦੇ ਆਮ ਆਦਮੀ ਪਾਰਟੀ ਦੇ ਫਾਊਂਡਰ ਤੇ ਟਕਸਾਲੀ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਨਾਲ ਮੁੱਢ ਤੋਂ ਜੁੜੇ ਆਗੂਆਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸੁਝਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੀਟਿੰਗ ਨੂੰ ਸਫਲ ਬਣਾਉਣ ਵਿੱਚ ਗੁਰਸ਼ਰਨ ਸਿੰਘ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ 2014 ਤੋਂ ਫਗਵਾੜਾ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰਨ ਵਾਲੇ ਟਕਸਾਲੀ ਮੈਂਬਰਾਂ ਨੂੰ ਇੱਕ ਮੰਚ ’ਤੇ ਇਕੱਠਾ ਕੀਤਾ। ਦੱਸਿਆ ਗਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਪਾਰਟੀ ਦੇ ਕੁਝ ਫੈਸਲਿਆਂ ਕਾਰਨ ਇਹ ਆਗੂ ਨਾਰਾਜ਼ ਚੱਲ ਰਹੇ ਸਨ ਤੇ ਕਈ ਆਗੂ ਆਪਣੇ ਘਰਾਂ ਤੱਕ ਸੀਮਤ ਹੋ ਕੇ ਰਹਿ ਗਏ ਸਨ। ਮੀਟਿੰਗ ਦੌਰਾਨ ਡਾ. ਰਾਜ ਕੁਮਾਰ ਚੱਬੇਵਾਲ ਨੇ ਟਕਸਾਲੀ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਮੁੱਢ ਤੋਂ ਯੋਗਦਾਨ ਪਾਉਣ ਵਾਲੇ ਆਗੂਆਂ ਦਾ ਸਨਮਾਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਕਿਸੇ ਵੀ ਟਕਸਾਲੀ ਆਗੂ ਦੀ ਕੋਈ ਸਮੱਸਿਆ ਉਨ੍ਹਾਂ ਤੱਕ ਪਹੁੰਚਦੀ ਹੈ ਤਾਂ ਉਸ ਦੇ ਹੱਲ ਲਈ ਤੁਰੰਤ ਯਤਨ ਕੀਤੇ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਪ੍ਰਿੰਸੀਪਲ ਨਿਰਮਲ ਸਿੰਘ, ਐਡਵੋਕੇਟ ਕਸ਼ਮੀਰ ਸਿੰਘ ਮੱਲੀ, ਸੰਤੋਸ਼ ਕੁਮਾਰ ਗੋਗੀ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਹਰਜਿੰਦਰ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਟਕਸਾਲੀ ਆਗੂ ਮੌਜੂਦ ਰਹੇ। ਆਗੂਆਂ ਨੇ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਉਨ੍ਹਾਂ ਨਾਲ ਕੀਤੀ ਗਈ ਇਸ ਮੀਟਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਹਿਲੀ ਵਾਰ ਕਿਸੇ ਨੇ ਘਰਾਂ ਵਿੱਚ ਨਾਰਾਜ਼ ਬੈਠੇ ਪਾਰਟੀ ਦੇ ਪੁਰਾਣੇ ਤੇ ਟਕਸਾਲੀ ਆਗੂਆਂ ਦੀ ਸਾਰ ਲਈ ਹੈ। ਆਗੂਆਂ ਨੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੁੜ ਇਕਜੁੱਟ ਹੋ ਕੇ ਕੰਮ ਕਰਨਗੇ ਤੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਆਪਣਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਨੂੰ ਫਗਵਾੜਾ ਵਿੱਚ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਤੇ ਮੌਜੂਦਾ ਲੀਡਰਸ਼ਿਪ ਵਿਚਕਾਰ ਦੂਰੀ ਘਟਾਉਣ ਵੱਲ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।