79ਵੇਂ ਨਿਰੰਕਾਰੀ ਸੰਤ ਸਮਾਗਮ ਵਿਚ ਉਮੜਿਆ ਸ਼ਰਧਾ ਦਾ ਸੈ਼ਲਾਬ ਸਤਿਗੁਰੂ ਦੇ ਦੈਵੀ ਸੰਦੇਸ਼ ਨਾਲ ਅਲੌਕਿਕ ਹੋਈ ਚੇਤਨਾ
Publish Date: Tue, 27 Oct 2026 09:37 PM (IST)
Updated Date: Tue, 27 Oct 2026 09:40 PM (IST)
ਪ੍ਰਮਾਤਮਾ ਦੇ ਪਿਆਰ ਵਿਚ ਸਥਿਰ ਰਹਿਣਾ ਹੀ ਸੱਚੀ ਜਾਗ੍ਰਿਤੀ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ‘ਹਰ ਪ੍ਰਸਥਿਤੀ ਵਿਚ ਪ੍ਰਮਾਤਮਾ ਦੇ ਪਿਆਰ ਵਿਚ ਰਹਿਣਾ ਹੀ ਸੱਚੀ ਜਾਗ੍ਰਿਤੀ ਹੈ।’ ਇਹ ਦੈਵੀ ਵਿਚਾਰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਵਿਚ ਆਪਣੇ ਪ੍ਰੇਰਣਾਦਾਇਕ ਪ੍ਰਵਚਨਾਂ ਰਾਹੀਂ ਉਚਾਰਣ ਕੀਤੇ। ਸਮਾਲਖਾ ਦੀ ਪਵਿੱਤਰ ਧਰਤੀ ’ਤੇ ਦੇਸ਼-ਵਿਦੇਸ਼ ਤੋਂ ਆਏ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ਨੇ ਪ੍ਰੇਮ, ਸ਼ਰਧਾ ਤੇ ਏਕੱਤਵ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ। ਸਤਿਗੁਰੂ ਦੇ ਪਵਿੱਤਰ ਦਰਸ਼ਨਾਂ ਨਾਲ ਸ਼ਰਧਾਲੂ ਪ੍ਰਸੰਨ ਹੋ ਉਠੇ ਤੇ ਸਾਰਾ ਵਾਤਾਵਰਣ ਭਗਤੀ, ਸਮਰਪਣ ਤੇ ਆਤਮਿਕ ਆਨੰਦ ਨਾਲ ਭਰ ਗਿਆ। ਗੁਰੂ ਤੇ ਭਗਤਾਂ ਦਾ ਇਹ ਪਵਿੱਤਰ ਮਿਲਣ ਪ੍ਰੇਮ, ਮਾਨਵਤਾ ਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਭਾਵਨਾ ਨੂੰ ਸਾਕਾਰ ਕਰਦਾ ਦਿਖਾਈ ਦਿਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਪੂਰਥਲਾ ਜ਼ੋਨ ਦੇ ਜ਼ੋਨਲ ਇੰਚਾਰਜ਼ ਗੁਲਸ਼ਨ ਲਾਲ ਆਹੂਜਾ ਨੇ ਦੱਸਿਆ ਕਿ ਸਤਿਗੁਰੂ ਮਾਤਾ ਜੀ ਨੇ ਸ਼ਰਧਾਲੂ ਭਗਤਾਂ ਨੂੰ ਸੰਬੋਧਨ ਕਰਦਿਆਂ ਫਰਮਾਇਆ ਕਿ ਸਮਾਗਮ ਦੇ ਤੀਜੇ ਦਿਨ ਦਾ ਸੰਦੇਸ਼ ਵੀ ਇਹੀ ਹੈ ਕਿ ‘ਆਤਮਾ-ਪ੍ਰਮਾਤਮਾ ਦਾ ਮੇਲ ਤੇ ਹਰ ਪਲ ਨਿਰੰਕਾਰ ਦਾ ਅਹਿਸਾਸ ਅਧਿਆਤਮਿਕ ਜੀਵਨ ਦਾ ਸਾਰ ਹੈ। ਪ੍ਰਮਾਤਮਾ ਅਟੱਲ ਸੱਚ ਹੈ, ਜਦਕਿ ਸਾਡੀਆਂ ਇਛਾਵਾਂ ਤੇ ਪ੍ਰਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ। ਅਨੁਕੂਲ ਪ੍ਰਸਥਿਤੀਆਂ ਵਿਚ ਆਸਥਾ (ਸ਼ਰਧਾ) ਰੱਖਣਾ ਤਾਂ ਆਸਾਨ ਹੈ, ਲੇਕਿਨ ਸੱਚੀ ਭਗਤੀ ਉਹੀ ਹੈ ਜਿਹੜੀ ਹਰ ਪ੍ਰਸਥਿਤੀ ਵਿਚ ਬਰਕਰਾਰ ਰਹੇ। ਬ੍ਰਹਮਗਿਆਨ ਦੀ ਜਾਗ੍ਰਿਤੀ ਜੀਵਨ ਭਰ ਚੇਤੰਨ ਰਹਿਣ ਦਾ ਭਾਵ ਹੈ, ਜਿਹੜਾ ਸਾਡੇ ਵਿਵਹਾਰ, ਨਿਰਣਿਆਂ ਤੇ ਸਾਮਾਜਿਕ ਜੀਵਨ ਵਿਚ ਵੀ ਝਲਕਣਾ ਚਾਹੀਦਾ ਹੈ। ਅਨਿਆਇ ਦੇ ਖਿਲਾਫ਼ ਖੜ੍ਹੇ ਹੁੰਦੇ ਹੋਏ ਵੀ ਆਪਣੇ ਉਦੇਸ਼ ਨੂੰ ਪ੍ਰਖਣਾ ਜਰੂਰੀ ਹੈ ਕਿ ਅਸੀਂ ਭਲਾਈ ਵਾਸਤੇ ਕੰਮ ਕਰ ਰਹੇ ਹਾਂ ਜਾਂ ਹੰਕਾਰ ਤੇ ਪ੍ਰਸਿੱਧੀ ਵਾਸਤੇ। ਵਿਚਾਰਾਂ ਦੀ ਭਿੰਨਤਾ ਦੇ ਬਾਵਜੂਦ ਹਰ ਇਨਸਾਨ ਵਿਚ ਪ੍ਰਮਾਤਮਾ ਦਾ ਅੰਸ ਦੇਖਕੇ ਸਾਰਿਆਂ ਨੂੰ ਅਪਣਾਉਣਾ ਹੀ ਨਿਸ਼ਕਾਮ ਪਿਆਰ ਦੀ ਪਹਿਚਾਣ ਹੈ। ਅੰਤ ਵਿਚ ਸਤਿਗੁਰੂ ਮਾਤਾ ਜੀ ਨੇ ਸਾਰੇ ਸੰਤਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਬ੍ਰਹਮਗਿਆਨ ਨਾਲ ਮਿਲੀ ਜਾਗ੍ਰਿਤੀ, ਪਿਆਰ ਤੇ ਸਮਰਪਣ ਸਾਡੇ ਜੀਵਨ ਵਿਚ ਬਣਿਆ ਰਹੇ। ਸਤਿਗੁਰੂ ਮਾਤਾ ਜੀ ਦੇ ਪ੍ਰਵਚਨਾਂ ਤੋਂ ਪਹਿਲਾਂ ਸਤਿਕਾਰ ਯੋਗ ਨਿਰੰਕਾਰੀ ਰਾਜਪਿਤਾ ਜੀ ਨੇ ਜਾਗਰੂਕਤਾ ਦਾ ਸੰਦੇਸ਼ ਦਿੰਦਿਆਂ ਸਮਝਾਇਆ ਕਿ ‘ਜੀਵਨ ਵਿਚ ਜਿਥੇ ਬਦਲਾਵ ਸੰਭਵ ਹੋਵੇ ਉਥੇ ਯਤਨ ਕਰੋ ਤੇ ਜਿਥੇ ਸੰਭਵ ਨਾ ਹੋਵੇ ਉਥੇ ਸਵਿਕਾਰ ਕਰਨ ਦੀ ਹਿੰਮਤ ਰੱਖੋ। ਉਨ੍ਹਾਂ ਕਿਹਾ ਕਿ ‘ਮਨੁੱਖ ਸੰਸਾਰ ਦੀਆਂ ਲੋੜਾਂ ਪ੍ਰਤੀ ਤਾਂ ਜਾਗਰੂਕ ਹੈ ਲੇਕਿਨ ਆਪਣੀ ਆਤਮਾ ਦੀ ਪਿਆਸ ਬੁਝਾਉਣ ਵਾਸਤੇ ਜਾਗਰੂਕ ਨਹੀਂ। ਪ੍ਰਮਾਤਮਾ ਦੇ ਪਿਆਰ ਨੂੰ ਪਹਿਚਾਣ ਕੇ, ਹੰਕਾਰ ਤਿਆਗ ਕੇ ਅਤੇ ਸੱਚੀ ਜਿਗਿਆਸਾ ਤੇ ਸਮਰਪਣ ਭਾਵ ਨਾਲ ਜੀਵਨ ਜਿਉਣਾ ਹੀ ਅਸਲੀ ਜਾਗ੍ਰਿਤੀ ਹੈ।’ ਇਸ ਪਵਿੱਤਰ ਮੌਕੇ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਹਾਜ਼ਰ ਰਹੇ, ਨਾਲ ਹੀ ਅਨੇਕਾਂ ਵਿਧਾਇਕਾਂ ਤੇ ਕੌਂਸਲਰਾਂ ਨੇ ਵੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਵਿੱਤਰ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਕਾਇਰੋਪ੍ਰੈਕਟਿਕ ਕੈਂਪ ਤੇ ਸਿਹਤ ਸੇਵਾਵਾਂ ਸਮਾਗਮ ਵਿਚ ਮਿਸ਼ਨ ਦੇ ਸਿਹਤ ਤੇ ਸਮਾਜ ਕਲਿਆਣ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ। ਪੂਰੇ ਸਮਾਗਮ ਸਥੱਲ ਤੇ 8 ਐਲੋਪੈਥਿਕ, 6 ਹੋਮਿਓਪੈਥਿਕ ਡਿਸਪੈਂਸਰੀਆਂ, 15 ‘ਮੁੱਢਲੇ ਸਿਹਤ ਕੇਂਦਰ’ ਤੇ ਇਕ ਕਾਇਰੋਪ੍ਰੈਕਟਿਕ ਕੈਂਪ ਤੇ 120 ਬਿਸਤਰਿਆਂ ਵਾਲਾ ਹਸਪਤਾਲ ਸਮੇਤ ਆਈਸੀਯੂ ਸਥਾਪਿਤ ਕੀਤਾ ਗਿਆ। ਐਮਰਜੈਂਸੀ ਸੇਵਾਵਾਂ ਦੇ ਲਈ ਮਿਸ਼ਨ ਦੀਆਂ 12 ਤੇ ਹਰਿਆਣਾ ਸਰਕਾਰ ਦੀਆਂ 30 ਐਂਬੁਲੈਂਸ ਗੱਡੀਆਂ ਉਪਲਬਧ ਰਹੀਆਂ। ਕਾਇਰੋਪੈ੍ਰਕਟਿਕ ਕੈਂਪ ਵਿਚ ਬਾਹਰਲੇ ਦੇਸ਼ਾਂ ਤੋਂ 16 ਅਤੇ ਭਾਰਤ ਤੋਂ 3 ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ, ਜਿਸ ਦਾ ਲਗਭਗ 2100 ਮਰੀਜਾਂ ਨੂੰ ਲਾਭ ਹੋਇਆ। ਇਸ ਤੋਂ ਇਲਾਵਾ ਈਐੱਨਟੀ, ਅੱਖਾਂ, ਦੰਦਾਂ ਤੇ ਮਨੋਰੋਗ ਸੇਵਾਵਾਂ ਸਮੇਤ ਹੋਰ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਤੋਂ 10 ਹਜ਼ਾਰ ਦੇ ਕਰੀਬ ਸਰਧਾਲੂਆਂ ਨੇ ਲਾਭ ਪ੍ਰਾਪਤ ਕੀਤਾ। —ਲੰਗਰ ਅਤੇ ਕੰਟੀਨ ਵਿਵਸਥਾ ਸਮਾਗਮ ਸਥੱਲ ਦੇ ਚਾਰੇ ਗਰਾਊਂਡਾਂ ਵਿਚ ਲੰਗਰ ਦੀ ਵਿਵਸਥਾ ਕੀਤੀ ਗਈ ਜਿਥੇ ਲੱਖਾਂ ਸ਼ਰਧਾਲੂਆਂ ਲਈ ਭੋਜਨ ਦੀ ਵਿਵਸਥਾ ਕੀਤੀ ਗਈ ਸੀ। ਸਾਰਿਆਂ ਨੂੰ ਇਕੱਠੇ ਬੈਠ ਕੇ ਭੋਜਨ ਛਕਦਿਆਂ ਦੇਖ ਕੇ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਸਾਕਾਰ ਹੁੰਦੀ ਨਜ਼ਰ ਆਈ। ਇਸ ਤੋਂ ਇਲਾਵਾ 22 ਕੰਟੀਨਾਂ ਤੇ ਰਿਆਇਤੀ ਦਰਾਂ ਤੇ ਖਾਣ-ਪੀਣ ਵਾਲੀਆਂ ਵਸਤੂਆਂ, ਉਪਲਬਧ ਕਰਵਾਈਆਂ ਗਈਆਂ।