ਪਰਗਟ ਸਿੰਘ ਦੇ ਪੰਜਾਬ ਪ੍ਰਧਾਨ ਬਣਨ ’ਤੇ ਕਾਂਗਰਸੀਆਂ ਨੇ ਵੰਡੇ ਲੱਡੂ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਫਗਵਾੜਾ ’ਚ ਕਾਂਗਰਸੀਆਂ ਨੇ ਵੰਡੇ ਲੱਡੂ
Publish Date: Sun, 04 Oct 2026 07:03 PM (IST)
Updated Date: Mon, 05 Oct 2026 04:05 AM (IST)
ਵਿਜੇ ਸੋਨੀ ਪੰਜਾਬੀ ਜਾਗਰਣ, ਫਗਵਾੜਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਵਜੋਂ ਪਰਗਟ ਸਿੰਘ ਦੀ ਨਿਯੁਕਤੀ ’ਤੇ ਫਗਵਾੜਾ ਵਿੱਚ ਕਾਂਗਰਸ ਵਰਕਰਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸਥਾਨਕ ਬੰਗਾ ਰੋਡ ਸਥਿਤ ਜਨਤਾ ਮੈਡੀਕਲ, ਥਾਣਾ ਸਿਟੀ ਦੇ ਨੇੜੇ ਕਾਂਗਰਸ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਦੌਰਾਨ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ, ਫਗਵਾੜਾ ਦੇ ਵਿਧਾਇਕ ਅਤੇ ਰਿਟਾਇਰਡ ਆਈ.ਏ.ਐੱਸ. ਅਧਿਕਾਰੀ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਾਂਗਰਸ ਵਰਕਰਾਂ ਨੂੰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਇੱਕ ਤਜਰਬੇਕਾਰ ਅਤੇ ਜੁਝਾਰੂ ਆਗੂ ਨੂੰ ਸੂਬਾ ਸੰਗਠਨ ਦੀ ਜ਼ਿੰਮੇਵਾਰੀ ਸੌਂਪੀ ਹੈ। ਧਾਲੀਵਾਲ ਨੇ ਕਿਹਾ ਕਿ ਪਰਗਟ ਸਿੰਘ ਨੇ ਖੇਡ ਦੇ ਮੈਦਾਨ ਤੋਂ ਲੈ ਕੇ ਰਾਜਨੀਤੀ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਵਜੋਂ ਉਨ੍ਹਾਂ ਨੇ ਦੇਸ਼ ਦੀ ਨੁਮਾਇੰਦਗੀ ਕੀਤੀ ਅਤੇ ਬਾਅਦ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ। ਉਹ ਜਲੰਧਰ ਕੈਂਟ ਤੋਂ ਵਿਧਾਇਕ ਰਹੇ ਹਨ ਅਤੇ ਪੰਜਾਬ ਸਰਕਾਰ ਵਿੱਚ ਸਿੱਖਿਆ ਅਤੇ ਖੇਡ ਮੰਤਰੀ ਵਜੋਂ ਵੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਦੇ ਤਜਰਬੇ, ਅਨੁਸ਼ਾਸਨ ਅਤੇ ਸੰਗਠਨ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਨਾਲ ਪੰਜਾਬ ਕਾਂਗਰਸ ਨੂੰ ਨਵੀਂ ਦਿਸ਼ਾ ਮਿਲੇਗੀ। ਕਾਂਗਰਸ ਪਾਰਟੀ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਪਰਗਟ ਸਿੰਘ ਦੀ ਅਗਵਾਈ ਹੇਠ ਪੂਰੀ ਇਕਜੁੱਟਤਾ ਨਾਲ ਲੜੇਗੀ ਅਤੇ ਪਾਰਟੀ ਦਾ ਹਰ ਵਰਕਰ ਸੰਗਠਨ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰੇਗਾ। ਧਾਲੀਵਾਲ ਨੇ ਕਿਹਾ ਕਿ ਕਾਂਗਰਸ ਇੱਕ ਲੋਕਤੰਤਰਿਕ ਸੰਗਠਨ ਹੈ ਤੇ ਇਸ ਵਿੱਚ ਸਾਰੇ ਆਗੂਆਂ ਅਤੇ ਵਰਕਰਾਂ ਦੀ ਭੂਮਿਕਾ ਮਹੱਤਵਪੂਰਨ ਹੈ। ਨਵੇਂ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਪਾਰਟੀ ਦੇ ਵੱਖ-ਵੱਖ ਵਰਗਾਂ ਅਤੇ ਸੰਗਠਨਾਂ ਨੂੰ ਨਾਲ ਲੈ ਕੇ ਅੱਗੇ ਵਧਣ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸ ਦੇ ਐੱਸ.ਸੀ., ਓ.ਬੀ.ਸੀ. ਸੈੱਲ, ਮਹਿਲਾ ਕਾਂਗਰਸ ਅਤੇ ਯੂਥ ਕਾਂਗਰਸ ਸਮੇਤ ਵੱਖ-ਵੱਖ ਪ੍ਰਕੋਸ਼ਠਾਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਜਿਹਨਾਂ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇੱਕ-ਦੂਜੇ ਨੂੰ ਮਠਿਆਈ ਖੁਆਈ ਅਤੇ ਵਧਾਈ ਦਿੱਤੀ।