ਨੀਟ ਪ੍ਰੀਖਿਆ ਨੂੰ ਲੈ ਕੇ ਕਾਂਗਰਸ ਦਾ ਰੋਸ ਮਾਰਚ ਅੱਜ : ਭਾਰਦਵਾਜ
ਨੀਟ ਪ੍ਰੀਖਿਆਵਾਂ ਵਾਰ-ਵਾਰ ਰੱਦ ਹੋਣ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਕਾਂਗਰਸ ਦਾ ਰੋਸ ਮਾਰਚ ਅੱਜ : ਨਰੇਸ਼ ਭਾਰਦਵਾਜ
Publish Date: Mon, 01 Jun 2026 08:15 PM (IST)
Updated Date: Mon, 01 Jun 2026 09:13 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਲਾਕ ਕਾਂਗਰਸ ਫਗਵਾੜਾ (ਸ਼ਹਿਰੀ) ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਿਵਾਸ ਸਥਾਨ ਤੇ ਸੰਪੰਨ ਹੋਈ। ਇਸ ਦੌਰਾਨ ਨਰੇਸ਼ ਭਾਰਦਵਾਜ ਨੇ ਹਾਜ਼ਰ ਵਰਕਰਾਂ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਤੇ ਕਿਹਾ ਕਿ ਜਲਦੀ ਹੀ ਸ਼ਹਿਰ ਵਿਚ ਵਾਰਡ ਪੱਧਰ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵਰਕਰਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਇਸ ਵੇਲੇ ਫਗਵਾੜਾ ਸਮੇਤ ਸਾਰੇ ਪੰਜਾਬ ਵਿਚ ਬਹੁਤ ਮਜ਼ਬੂਤ ਸਥਿਤੀ ਵਿਚ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਖ਼ਿਲਾਫ਼ ਲੋਕਾਂ ਵਿਚ ਭਾਰੀ ਰੋਸ ਹੈ ਕਿਉਂਕਿ ਮੁੱਖ ਮੰਤਰੀ ਦੇ ਐਲਾਨ ਦੇ ਬਾਵਜੂਦ ਔਰਤਾਂ ਨੂੰ ਇਕ ਹਜ਼ਾਰ ਤੇ ਪੰਦਰਾਂ ਸੌ ਰੁਪਏ ਮਹੀਨਾਵਾਰ ਮਾਨ-ਭੱਤਾ ਨਹੀਂ ਮਿਲ ਰਿਹਾ, ਕਾਨੂੰਨ-ਵਿਵਸਥਾ ਦੀ ਹਾਲਤ ਨਾਜ਼ੁਕ ਹੈ ਤੇ ਨਸ਼ਿਆਂ ਤੇ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਉਨ੍ਹਾਂ ਅਕਾਲੀ ਦਲ ਤੇ ਭਾਜਪਾ ਦੀ ਸਥਿਤੀ ਨੂੰ ਵੀ ਨਿਰਾਸ਼ਾਜਨਕ ਦੱਸਿਆ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸਾਲ 2019 ਤੋਂ 2026 ਤੱਕ ਨੀਟ ਪ੍ਰੀਖਿਆ ਛੇ ਵਾਰ ਰੱਦ ਹੋ ਚੁੱਕੀ ਹੈ, ਜਿਸ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਚਾਰ ਨੀਟ ਉਮੀਦਵਾਰਾਂ ਨੂੰ ਆਪਣੀ ਜਾਨ ਗੁਆਉਣੀ ਪਈ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ 2 ਜੂਨ, ਮੰਗਲਵਾਰ ਨੂੰ ਸ਼ਾਮ 5 ਵਜੇ ਨੀਟ ਪ੍ਰੀਖਿਆਵਾਂ ਦੇ ਵਾਰ-ਵਾਰ ਰੱਦ ਹੋਣ ਦੇ ਵਿਰੋਧ ਵਿਚ ਫਗਵਾੜਾ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ। ਇਹ ਰੋਸ ਮਾਰਚ ਮੋਹਨ ਫਾਸਟ ਫੂਡ ਦੇ ਪਿੱਛੇ ਸਥਿਤ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਲੰਘੇਗਾ। ਉਨ੍ਹਾਂ ਸਮੂਹ ਕਾਂਗਰਸੀ ਵਰਕਰਾਂ, ਨਗਰ ਕੌਂਸਲਰਾਂ, ਮਹਿਲਾ ਵਿੰਗ, ਐੱਸਸੀ/ਬੀਸੀ/ਓਬੀਸੀ ਵਿੰਗ ਤੇ ਯੂਥ ਕਾਂਗਰਸ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੋਸ ਮਾਰਚ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ, ਤਾਂ ਜੋ ਨੀਟ ਪ੍ਰੀਖਿਆਵਾਂ ਰੱਦ ਹੋਣ ਕਾਰਨ ਪ੍ਰਭਾਵਿਤ ਤੇ ਨੌਕਰੀਆਂ ਤੋਂ ਵਾਂਝੇ ਰਹਿ ਰਹੇ ਨੌਜਵਾਨਾਂ ਦੀ ਆਵਾਜ਼ ਮਜ਼ਬੂਤੀ ਨਾਲ ਕੇਂਦਰ ਸਰਕਾਰ ਤੱਕ ਪਹੁੰਚਾਈ ਜਾ ਸਕੇ।