ਰਾਹੁਲ ਨੇ ਸਿੱਖਾਂ ਦੇ ਜ਼ਖ਼ਮ ਮੁੜ ਕੁਰੇਦੇ : ਚੇਤਨ ਸੂਰੀ ਰਾਹੁਲ ਦੀ ਦਿੱਲੀ ਰੈਲੀ ਨਾਲ ਕਾਂਗਰਸ ਨੇ ਸਿੱਖਾਂ ਦੇ 1984 ਕਤਲੇਆਮ ਦੇ ਜ਼ਖ਼ਮ ਮੁੜ ਕੁਰੇਦੇ : ਚੇਤਨ ਸੂਰੀ
Publish Date: Sun, 01 Nov 2026 09:03 PM (IST)
Updated Date: Sun, 01 Nov 2026 09:05 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : 1984 ਦੇ ਸਿੱਖ ਕਤਲੇਆਮ ਦੀ ਬਰਸੀ ਮੌਕੇ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਕੀਤੀ ਗਈ ਸਿਆਸੀ ਰੈਲੀ ਦੀ ਸਖ਼ਤ ਨਿਖੇਧੀ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ 1 ਨਵੰਬਰ ਸਿੱਖ ਕੌਮ ਲਈ ਸੋਗ, ਦਰਦ ਤੇ ਇਤਿਹਾਸ ਦੇ ਸਭ ਤੋਂ ਦੁੱਖਦਾਈ ਚੈਪਟਰਾਂ ਵਿੱਚੋਂ ਇੱਕ ਹੈ। ਇਸ ਦਿਨ ਦਿੱਲੀ ਵਿੱਚ ਸਿਆਸੀ ਰੈਲੀ ਕਰਨਾ 42 ਸਾਲ ਪੁਰਾਣੇ ਜ਼ਖ਼ਮਾਂ ਨੂੰ ਮੁੜ ਕੁਰੇਦਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਹ ਰੈਲੀ ਪਾਰਟੀ ਦੀ ਉਸ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ, ਜਿਸ ਤਹਿਤ ਸੋਝੀ ਸਮਝੀ ਸਾਜਿਸ਼ ਨਾਲ ਕਤਲੇਆਮ ਕਰਵਾਇਆ ਗਿਆ, ਉਸ ਦੇ ਦੋਸ਼ੀਆਂ ਨੂੰ ਸਰਪ੍ਰਸਤੀ ਦਿੱਤੀ ਗਈ ਤੇ ਉਨ੍ਹਾਂ ਨੂੰ ਸੰਸਦ ਮੈਂਬਰ, ਕੇਂਦਰੀ ਵਜ਼ੀਰ ਤੇ ਮੁੱਖ ਮੰਤਰੀ ਵਰਗੇ ਉੱਚੇ ਅਹੁਦੇ ਦੇ ਕੇ ਨਵਾਜ਼ਿਆ ਗਿਆ। ਚੇਤਨ ਸੂਰੀ ਨੇ ਕਿਹਾ ਕਿ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਜ਼ਾਰਾਂ ਬੇਕਸੂਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਹਜ਼ਾਰਾਂ ਲੋਕਾਂ ਨੂੰ ਗਲਾਂ ’ਚ ਟਾਇਰ ਪਾ ਕੇ ਜਿਊਂਦੇ ਸਾੜਿਆ ਗਿਆ। ਧੀਆਂ-ਭੈਣਾਂ ਦੀ ਪੱਤ ਲੁੱਟੀ ਗਈ ਤੇ ਕਾਰੋਬਾਰ ਖ਼ਤਮ ਕਰ ਦਿੱਤੇ ਗਏ। ਇਸ ਨਾਲ ਸਿੱਖਾਂ ਦੀਆਂ ਕਈ ਪੀੜ੍ਹੀਆਂ ਤਬਾਹ ਹੋ ਗਈਆਂ, ਇਸ ਲਈ 1 ਨਵੰਬਰ ਕੋਈ ਆਮ ਤਾਰੀਖ ਨਹੀਂ, ਸਗੋਂ ਅਜਿਹਾ ਦਰਦ ਹੈ, ਜੋ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਤਾਜ਼ਾ ਹੈ। ਇਸ ਦੇ ਜਖ਼ਮ ਅਜੇ ਵੀ ਅੱਲ੍ਹੇ ਹਨ, ਇਹ ਨਾ ਬਖ਼ਸ਼ਣਯੋਗ ਤੇ ਨਾ ਭੁੱਲਣਯੋਗ ਗੁਨਾਹ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਕਾਂਗਰਸ ਨੇ ਇਸ ਦਿਨ ਦਿੱਲੀ ਵਿੱਚ ਸਿਆਸੀ ਸ਼ੋਅ ਕਰ ਕੇ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਮੁੜ ਪ੍ਰਗਟਾਈ ਹੈ। ਜਿਨ੍ਹਾਂ ਨੇ ਆਪਣੇ ਘਰਾਂ ਦੇ ਚਿਰਾਗ ਗੁਆਏ, ਉਨ੍ਹਾਂ ਦੇ ਦਰਦ ਨੂੰ ਸਿਆਸੀ ਮੰਚ ਦੀ ਪੌੜੀ ਨਾ ਬਣਾਉਣਾ ਅਤਿ ਨਿੰਦਣਯੋਗ ਹੈ। 1 ਨਵੰਬਰ ਸਿਆਸੀ ਰੈਲੀਆਂ ਦਾ ਨਹੀਂ, ਸਿੱਖ ਕੌਮ ਦੇ ਦਰਦ ਨੂੰ ਯਾਦ ਕਰਨ, ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਦਾ ਦਿਨ ਹੈ।