ਕਾਂਗਰਸ ਨੇ ਸੁਖਵਿੰਦਰ ਚਾਹਲ ਨੂੰ ਕਪੂਰਥਲਾ ਦਿਹਾਤੀ ਦਾ ਜਰਨਲ ਸਕੱਤਰ ਕੀਤਾ ਨਿਯੁਕਤ ਕਾਂਗਰਸ ਨੇ ਸੁਖਵਿੰਦਰ ਚਾਹਲ ਨੂੰ ਕਪੂਰਥਲਾ ਦਿਹਾਤੀ ਦਾ ਜਰਨਲ ਸਕੱਤਰ ਕੀਤਾ ਨਿਯੁਕਤ, ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸੌਂਪਿਆ ਨਿਯੁਕਤੀ ਪੱਤਰ
Publish Date: Wed, 01 Jul 2026 07:20 PM (IST)
Updated Date: Wed, 01 Jul 2026 07:22 PM (IST)
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸੌਂਪਿਆ ਨਿਯੁਕਤੀ ਪੱਤਰ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਚਾਹਲ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਪੰਜਾਬ ਪ੍ਰਦੇਸ਼ ਕਾਂਗਰਸ ਨੇ 2027 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਪਿਛਲੇ ਸਮੇਂ ਦੌਰਾਨ ਵੱਖ-ਵੱਖ ਅਹੁਦਿਆਂ ਲਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਚੋਣ ਕਰਦਿਆਂ ਨਿਯੁਕਤੀਆਂ ਕੀਤੀਆਂ। ਇਸੇ ਤਹਿਤ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸ ਪਾਰਟੀ ਦੇ ਸਰਗਰਮ ਆਗੂ ਸੁਖਵਿੰਦਰ ਸਿੰਘ ਚਾਹਲ ਨੂੰ ਜਰਨਲ ਸਕੱਤਰ ਦਿਹਾਤੀ ਲਗਾਇਆ ਗਿਆ। ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਚਾਹਲ ਨੂੰ ਜਰਨਲ ਸਕੱਤਰ ਅਹੁਦੇ ਦਾ ਨਿਯੁਕਤੀ ਪੱਤਰ ਸੌਂਪਦਿਆਂ ਚਾਹਲ ਨੂੰ ਵਧਾਈ ਦਿੱਤੀ। ਇਸ ਮੌਕੇ ਨਵਨਿਯੁਕਤ ਜਰਨਲ ਸਕੱਤਰ ਸੁਖਵਿੰਦਰ ਸਿੰਘ ਚਾਹਲ ਨੇ ਪਾਰਟੀ ਹਾਈ ਕਮਾਨ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਦਿਹਾਤੀ ਪ੍ਰਧਾਨ ਤੇ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਪਾਰਟੀ ਵੱਲੋਂ ਦਿੱਤੀ ਹੋਈ ਅਹਿਮ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ। ਚਾਹਲ ਨੇ ਕਿਹਾ ਕਿ ਕਾਂਗਰਸ ਇੱਕ ਸੈਕੂਲਰ ਪਾਰਟੀ ਹੈ ਅਤੇ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਕਾਂਗਰਸ ਪਾਰਟੀ ਵੱਲੋਂ ਦੇਸ਼ ਹਿੱਤ ਲਈ ਲਏ ਫ਼ੈਸਲੇ ਇਤਹਾਸ ਦੇ ਸੁਨਹਿਰੀ ਪੰਨਿਆਂ ਤੇ ਦਰਜ਼ ਹਨ ਅਤੇ ਹੁਣ ਵੀ ਕਾਂਗਰਸ ਪਾਰਟੀ ਪੰਜਾਬ ਤੇ ਦੇਸ਼ ਦੀ ਵਿਰੋਧੀ ਧਿਰ ’ਚ ਲੋਕਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਬਦਲਾਅ ਦੇ ਨਾਂ ’ਤੇ ਬਣੀ ਸਰਕਾਰ ਹੱਥੋਂ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਅਤੇ ਭਵਿੱਖ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ ਤੇ ਸਾਡੀ ਦਿਹਾਤੀ ਖੇਤਰ ਦੀ ਟੀਮ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਕੰਮ ਕਰੇਗੀ ਤੇ ਹਲਕਾ ਕਪੂਰਥਲਾ ਸਮੇਤ ਜਿਥੇ ਵੀ ਰਾਣਾ ਗੁਰਜੀਤ ਸਿੰਘ ਸਾਡੀ ਡਿਊਟੀ ਲਗਾਉਣਗੇ ਅਸੀਂ ਤਨਦੇਹੀ ਨਾਲ ਡਿਊਟੀ ਨਿਭਾਵਾਂਗੇ। ਇਸ ਮੌਕੇ ਦਿਹਾਤੀ ਪ੍ਰਧਾਨ ਮਨਿੰਦਰਪਾਲ ਸਿੰਘ ਮੰਨਾ ਨੇ ਸਕੱਤਰ ਚਾਹਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਲਾਕੇ ਵਿੱਚ ਸੁਖਵਿੰਦਰ ਸਿੰਘ ਚਾਹਲ ਵੱਲੋਂ ਪਾਰਟੀ ਲਈ ਤੇ ਸਮਾਜ ਲਈ ਵੱਡਮੁਲੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਮੇਰੀ ਟੀਮ ਸੁਖਵਿੰਦਰ ਸਿੰਘ ਚਾਹਲ ਦੇ ਬਤੌਰ ਜਰਨਲ ਸਕੱਤਰ ਆਉਣ ਨਾਲ ਹੋਰ ਮਜ਼ਬੂਤ ਹੋਈ ਹੈ। ਉਹਨਾਂ ਕਿਹਾ ਕਿ ਅਸੀਂ 2027 ਨੂੰ ਮਿਸ਼ਨ ਬਣਾ ਕੇ ਚੱਲਾਂਗੇ ਤੇ ਫਤਹਿ ਕਰਾਂਗੇ ਅਤੇ ਲੋਕ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਬਣਾਉਣਗੇ। ਇਸ ਮੌਕੇ ਅਜੀਤ ਸਿੰਘ, ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਆਰੀਆਵਾਲ, ਰਾਜ ਕੁਮਾਰ, ਸਰਪੰਚ ਸ਼ਰਨਜੀਤ ਕੌਰ ਮਾਧੋਪੁਰ, ਸੇਵਾਮੁਕਤ ਇੰਸਪੈਕਟਰ ਕੁਲਵੰਤ ਸਿੰਘ, ਅਵਤਾਰ ਸਿੰਘ, ਨੰਬਰਦਾਰ ਹਰਚਰਨ ਸਿੰਘ, ਪ੍ਰਧਾਨ ਬਲਵੀਰ ਸਿੰਘ, ਲਖਵੀਰ ਸਿੰਘ ਸੋਢੀ, ਗੁਰਮੇਲ ਸਿੰਘ ਬਿਲਖੂ, ਇੰਸਪੈਕਟਰ ਜਗਦੀਸ਼ ਸਿੰਘ ਸਮੇਤ ਇਲਾਕੇ ਦੇ ਹੋਰ ਆਗੂਆਂ ਵੱਲੋਂ ਚਾਹਲ ਨੂੰ ਵਧਾਈ ਦਿੱਤੀ ਗਈ।