ਕਾਂਗਰਸ ਤੇਆਪ ਦਿੱਲੀ ’ਚ ਬਣੇ ਸਾਂਝੇ ਮੋਰਚੇ ਬਾਰੇ ਆਪਣਾ ਪੱਖ ਸਪੱਸ਼ਟ ਕਰਨ : ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਬਣੇ ਸਾਂਝੇ ਮੋਰਚੇ ਬਾਰੇ ਆਪਣਾ ਪੱਖ ਸਪੱਸ਼ਟ ਕਰਨ : ਭਾਜਪਾ ਆਗੂ
Publish Date: Thu, 05 Nov 2026 09:45 PM (IST)
Updated Date: Thu, 05 Nov 2026 09:47 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਅੰਦਰ ਭਾਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਖੋ-ਵੱਖਰੇ ਚੋਣ ਮੈਦਾਨ ਵਿੱਚ ਉਤਰਦੀਆਂ ਹਨ, ਪਰ ਦਿੱਲੀ ਵਿੱਚ ਬਣੇ ਸਾਂਝੇ ਮੋਰਚੇ ਦੌਰਾਨ ਦੋਵੇਂ ਪਾਰਟੀਆਂ ਦੇ ਆਗੂ ਇੱਕੋ ਮੰਚ ਤੇ ਨਜ਼ਰ ਆਉਂਦੇ ਹਨ। ਅਜਿਹੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਆਪਣੀ ਸਿਆਸੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਇਹ ਵਿਚਾਰ ਭਾਜਪਾ ਐੱਸਸੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਆਸ਼ੂ ਸਾਪਲਾ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਦੁੱਗਲ ਤੇ ਭਾਜਪਾ ਮੰਡਲ ਫਗਵਾੜਾ ਸਿਟੀ-2 ਦੇ ਪ੍ਰਧਾਨ ਬਲਵਿੰਦਰ ਠਾਕੁਰ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਗੁਮਰਾਹ ਕਰਨ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਖੋ-ਵੱਖਰੇ ਚੋਣ ਲੜਨ ਦਾ ਦਿਖਾਵਾ ਕਰ ਰਹੀਆਂ ਹਨ, ਜਦਕਿ ਦਿੱਲੀ ਵਿੱਚ ਦੋਵੇਂ ਇੱਕ ਸਾਂਝੇ ਮੰਚ ਤੇ ਦਿਖਾਈ ਦਿੰਦੀਆਂ ਹਨ। ਇਸ ਲਈ ਦੋਵਾਂ ਪਾਰਟੀਆਂ ਨੂੰ ਆਪਣੇ ਇਸ ਦੋਹਰੇ ਸਿਆਸੀ ਰਵੱਈਏ ਬਾਰੇ ਜਨਤਾ ਨੂੰ ਜਵਾਬ ਦੇਣਾ ਚਾਹੀਦਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਸੱਤਾ ਤੋਂ ਬਾਹਰ ਹੋਣ ਕਾਰਨ ਬੁਖਲਾਹਟ ਵਿੱਚ ਹੈ ਤੇ ਵੱਖ-ਵੱਖ ਪਾਰਟੀਆਂ ਨਾਲ ਗੱਠਜੋੜ ਕਰਕੇ ਸਾਂਝਾ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਭਾਜਪਾ ਦੇ ਜੇਤੂ ਰੱਥ ਨੂੰ ਰੋਕਿਆ ਜਾ ਸਕੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਹੋ ਰਹੇ ਵਿਕਾਸ ਤੇ ਬਦਲਾਅ ਦੇ ਸਾਹਮਣੇ ਵਿਰੋਧੀ ਪਾਰਟੀਆਂ ਦੀਆਂ ਅਜਿਹੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਦੇਸ਼ ਭਰ ਵਿੱਚੋਂ ਕਾਂਗਰਸ ਯੂਥ ਦੇ ਨੌਜਵਾਨਾਂ ਨੂੰ ਇਕੱਠਾ ਕਰਕੇ ਜੈਨ-ਜ਼ੀ ਦਾ ਨਾਮ ਦਿੱਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਦੀਆਂ ਰੈਲੀਆਂ ਵਿੱਚ ਮੁੱਖ ਤੌਰ ਤੇ ਕਾਂਗਰਸ ਨਾਲ ਜੁੜੇ ਨੌਜਵਾਨ ਹੀ ਸ਼ਾਮਲ ਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਵਿੱਚ ਹੋ ਰਹੇ ਵਿਕਾਸ ਤੋਂ ਧਿਆਨ ਭਟਕਾਉਣ ਲਈ ਕਾਂਗਰਸ ਵੱਲੋਂ ਨਵੇਂ-ਨਵੇਂ ਸਿਆਸੀ ਹਥਕੰਡੇ ਅਪਣਾਏ ਜਾ ਰਹੇ ਹਨ। ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਕਾਂਗਰਸ ਦੇ ਸ਼ਾਸਨਕਾਲ ਦੇ ਮੁਕਾਬਲੇ ਵਿਕਾਸ ਦੀ ਰਫ਼ਤਾਰ ਵਿੱਚ ਵੱਡਾ ਬਦਲਾਅ ਆਇਆ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਅੰਦਰ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਸਰਕਾਰ ਬਣਨ ਤੇ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕਰਨ, ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਤੇ ਹਰ ਵਰਗ ਦੀ ਖੁਸ਼ਹਾਲੀ ਯਕੀਨੀ ਬਣਾਉਣ ਲਈ ਕੰਮ ਕੀਤਾ ਜਾਵੇਗਾ।