ਗੁਰਦੁਆਰਾ ਲੈਸਟਰ ਦਾ ਪ੍ਰਧਾਨ ਬਣਨ ’ਤੇ ਰੂਪੋਵਾਲ ਨੂੰ ਦਿੱਤੀ ਵਧਾਈ ਗੁ. ਲੈਸਟਰ ਦਾ ਪ੍ਰਧਾਨ ਬਣਨ ਤੇ ਗੁਰਨਾਮ ਸਿੰਘ ਰੂਪੋਵਾਲ ਨੂੰ ਵਧਾਈ
Publish Date: Sat, 03 Oct 2026 07:18 PM (IST)
Updated Date: Sat, 03 Oct 2026 07:19 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਸੁਲਤਾਨਪੁਰ ਲੋਧੀ : ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੇ ਨਤੀਜੇ ਆਉਣ ’ਤੇ ਤੀਰ ਗਰੁੱਪ ਦੀ ਹਮਾਇਤ ਪ੍ਰਾਪਤ ਸ਼ੇਰ ਸੰਗਤ ਗਰੁੱਪ ਸਰਬੱਤ ਦਾ ਭਲਾ ਗਰੁੱਪ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਿਹਾ ਤੇ ਵੱਡੇ ਬਹੁਮਤ ਨਾਲ ਗੁਰਨਾਮ ਸਿੰਘ ਰੂਪੋਵਾਲ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਚੁਣੇ ਗਏ। ਨਤੀਜਿਆਂ ਮੁਤਾਬਿਕ ਸ਼ੇਰ ਸੰਗਤ ਗਰੁੱਪ ਦੇ ਗੁਰਨਾਮ ਸਿੰਘ ਰੂਪੋਵਾਲ ਨੂੰ ਸਭ ਤੋਂ ਵੱਧ 1859 ਵੋਟਾਂ ਮਿਲੀਆਂ। ਇਸ ਨਾਲ ਗੁਰਦੁਆਰਾ ਸਾਹਿਬ ਦੀ ਨਵੀਂ ਪ੍ਰਬੰਧਕੀ ਅਗਵਾਈ ਦੀ ਤਸਵੀਰ ਸਪੱਸ਼ਟ ਹੋ ਗਈ। ਨਵੀਂ ਪ੍ਰਬੰਧਕੀ ਟੀਮ ਅੱਗੇ ਗੁਰਦੁਆਰਾ ਸਾਹਿਬ ਦੇ ਧਾਰਮਿਕ ਸਮਾਗਮਾਂ, ਸੰਗਤ ਲਈ ਸਹੂਲਤਾਂ ਤੇ ਹੋਰ ਪ੍ਰਬੰਧਕੀ ਕਾਰਜਾਂ ਨੂੰ ਚਲਾਉਣ ਦੀ ਵੱਡੀ ਜ਼ਿੰਮੇਵਾਰੀ ਰਹੇਗੀ। ਇਸ ਜਿੱਤ ਤੋਂ ਬਾਅਦ ਨਵੇਂ ਚੁਣੇ ਗਏ ਪ੍ਰਧਾਨ ਗੁਰਨਾਮ ਸਿੰਘ ਰੂਪੋਵਾਲ, ਗੁਰਨਾਮ ਸਿੰਘ ਨਵਾਂ ਸ਼ਹਿਰ ਤੇ ਰਾਜ ਮਲਵਿੰਦਰ ਸਿੰਘ ਰਾਜਾ ਕੰਗ ਨੇ ਸੰਗਤਾਂ ਦਾ ਧੰਨਵਾਦ ਕੀਤਾ। ਅੰਤਰਰਾਸ਼ਟਰੀ ਪ੍ਰਸਿੱਧ ਪੰਥਕ ਢਾਡੀ ਗੁਰਜੀਤ ਸਿੰਘ ਗੌਰੀ ਜਾਂਗਲਾ, ਜੋ ਕਿ ਇਨੀਂ ਦਿਨੀਂ ਇੰਗਲੈਂਡ ਦੇ ਦੌਰੇ ’ਤੇ ਹਨ ਵੱਲੋਂ ਪੂਰੀ ਟੀਮ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਤੀਰ ਗਰੁੱਪ ਦੇ ਗੁਰਨਾਮ ਸਿੰਘ ਰੂਪੋਵਾਲ ਨੂੰ ਪ੍ਰਧਾਨ ਬਣਾਉਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਪ੍ਰਬੰਧਕੀ ਕਾਰਜਾਂ ਵਿੱਚ ਬਾਖੂਬੀ ਨਿਖਾਰ ਆਵੇਗਾ ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਹੋਰ ਕਾਰਜ ਨਿਰੰਤਰ ਉਲੀਕੇ ਜਾਣਗੇ।