ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦਰਵਾੜਾ ਸੰਪੰਨ ਡਾ. ਰਾਜਨ ਆਈ ਕੇਅਰ ਵਿਖੇ 41ਵੇਂ ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦਰਵਾੜੇ ਦੀ ਹੋਈ ਸਮਾਪਤੀ
Publish Date: Tue, 08 Sep 2026 08:41 PM (IST)
Updated Date: Tue, 08 Sep 2026 08:43 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : 41ਵੇਂ ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦਰਵਾੜੇ ਦੀ ਸਮਾਪਤੀ ਮੌਕੇ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿਖੇ ਅੱਖਦਾਨੀ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਰਾਜ ਕੁਮਾਰ ਨੇ ਅੱਖਦਾਨੀ ਪਰਿਵਾਰਾਂ ਦੀ ਸੇਵਾ ਨੂੰ ਸਲਾਮ ਕਰਦਿਆਂ ਕਿਹਾ ਕਿ ਅੱਖਾਂ ਦਾ ਦਾਨ ਮਹਾਨ ਦਾਨ ਹੈ, ਜਿਸ ਨਾਲ ਦੋ ਨੇਤਰਹੀਣ ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਵਿੱਚ ਰੌਸ਼ਨੀ ਭਰੀ ਜਾ ਸਕਦੀ ਹੈ। ਉਨ੍ਹਾਂ ਡਾ. ਰਾਜਨ ਆਈ ਕੇਅਰ ਹਸਪਤਾਲ ਵਿਖੇ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟ ਸੈਂਟਰ ਸਥਾਪਿਤ ਕਰਨ ਲਈ ਲੋੜੀਂਦੀ ਸਹਾਇਤਾ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਨਾਲ ਫਗਵਾੜਾ ਤੇ ਆਸ-ਪਾਸ ਦੇ ਇਲਾਕਿਆਂ ਦੇ ਪੁਤਲੀਆਂ ਸਬੰਧੀ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵੱਡਾ ਲਾਭ ਮਿਲੇਗਾ। ਮਿਸ਼ਨ ‘ਹਨੇਰੇ ਤੋਂ ਚਾਨਣ ਵੱਲ’ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਫਗਵਾੜਾ ਸ਼ਹਿਰ ਹਮੇਸ਼ਾ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਖਦਾਨ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਫਗਵਾੜਾ ਵੱਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅਸ਼ੋਕ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸੇਵਾ ਕੋਆਰਡੀਨੇਟਰਾਂ ਦੀ ਸਹਾਇਤਾ ਨਾਲ ਹੁਣ ਤੱਕ ਪੰਜਾਬ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਦੇ ਪ੍ਰਣ ਪੱਤਰ ਭਰਵਾਏ ਜਾ ਚੁੱਕੇ ਹਨ ਤੇ ਹਜ਼ਾਰਾਂ ਅੱਖਾਂ ਦਾਨ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ। ਅੱਜ ਵੀ ਭਾਰਤ ਵਿੱਚ ਲਗਭਗ 11 ਲੱਖ ਪੁਤਲੀਆਂ ਦੇ ਮਰੀਜ਼ ਇਲਾਜ ਦੀ ਉਡੀਕ ਕਰ ਰਹੇ ਹਨ ਤੇ ਇਨ੍ਹਾਂ ਦਾ ਇਲਾਜ ਦਾਨ ਵਿੱਚ ਮਿਲੀਆਂ ਅੱਖਾਂ ਰਾਹੀਂ ਹੀ ਸੰਭਵ ਹੈ। ਉਨ੍ਹਾਂ ਦੱਸਿਆ ਕਿ ਡਾ. ਰਾਜਨ ਦੀ ਅਗਵਾਈ ਹੇਠ ਫਗਵਾੜਾ ਵਿੱਚ ਪਹਿਲਾ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟ ਸੈਂਟਰ ਸਥਾਪਿਤ ਕਰਨ ਲਈ ਜਲਦ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਹਸਪਤਾਲ ਦੇ ਐੱਮਡੀ ਡਾ. ਐੱਸ ਰਾਜਨ ਨੇ ਦੱਸਿਆ ਕਿ ਐੱਨਆਰਆਈ ਭਾਈਚਾਰੇ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਹੁਣ ਤੱਕ ਸੈਂਕੜੇ ਅੱਖਾਂ ਦੇ ਜਾਂਚ ਕੈਂਪ ਲਗਾਏ ਜਾ ਚੁੱਕੇ ਹਨ ਤੇ ਹਜ਼ਾਰਾਂ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਜਲਦ ਆਈ ਬੈਂਕ ਸਥਾਪਿਤ ਕਰਨ ਲਈ ਉਪਰਾਲੇ ਕੀਤੇ ਜਾਣਗੇ ਤੇ ਦਾਨ ਵਿੱਚ ਪ੍ਰਾਪਤ ਅੱਖਾਂ ਰਾਹੀਂ ਲੋੜਵੰਦ ਮਰੀਜ਼ਾਂ ਦੇ ਕੋਰਨੀਅਲ ਟਰਾਂਸਪਲਾਂਟ ਦਾ ਇਲਾਜ ਵੀ ਸ਼ੁਰੂ ਕੀਤਾ ਜਾਵੇਗਾ। ਡਾ. ਰਾਜਨ ਨੇ ਕਿਹਾ ਕਿ ਭਾਰਤ ਵਿੱਚ ਨੇਤਰਦਾਨ ਸਬੰਧੀ ਜਾਗਰੂਕਤਾ ਦੀ ਅਜੇ ਵੀ ਬਹੁਤ ਲੋੜ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵੱਲੋਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਅੱਖਦਾਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ 41ਵੇਂ ਅੱਖਦਾਨ ਜਾਗਰੂਕਤਾ ਪੰਦਰਵਾੜੇ ਦੌਰਾਨ ਡਾ. ਰਾਜਨ ਆਈ ਕੇਅਰ ਹਸਪਤਾਲ ਵੱਲੋਂ ਅਸ਼ੋਕ ਮਹਿਰਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਫਗਵਾੜਾ ਵਿਖੇ ‘ਅੱਖਾਂ ਦਾਨ-ਮਹਾਂ ਦਾਨ’ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਨੂੰ ਡਾ. ਰਾਜਨ ਹਸਪਤਾਲ ਵੱਲੋਂ ਟਰਾਫੀਆਂ ਅਤੇ ਨਕਦ ਇਨਾਮ ਦਿੱਤੇ ਗਏ। ਪਹਿਲਾ ਇਨਾਮ ਹਿਨਾ ਨੂੰ 3,000 ਰੁਪਏ, ਦੂਸਰਾ ਇਨਾਮ ਪਲਕ ਨੂੰ 2,000 ਰੁਪਏ ਤੇ ਤੀਸਰਾ ਇਨਾਮ ਪ੍ਰਿਆ ਕੁਮਾਰੀ ਤੇ ਮੰਨਤ ਨੂੰ ਸਾਂਝੇ ਤੌਰ ’ਤੇ 1,000 ਰੁਪਏ ਦਿੱਤਾ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਤੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਅੱਖਦਾਨੀ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੇਅਰ ਰਾਮ ਪਾਲ ਉਪਲ, ਡਾ. ਸੀਮਾ ਰਾਜਨ ਅਤੇ ਡਾ. ਅਨੀਤਾ ਤੋਂ ਇਲਾਵਾ ਅੱਖਦਾਨੀ ਪਰਿਵਾਰ ਦੇ ਮੈਂਬਰ ਰਮਨ ਨਹਿਰਾ, ਅਨੁਰਾਗ ਮਾਨਖੰਡ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਪਰਮਜੀਤ ਸਿੰਘ ਬਸਰਾ, ਅੱਖਦਾਨ ਅਤੇ ਬਲੱਡ ਸੇਵਾ ਗੁਰਾਇਆ ਦੇ ਕੋਆਰਡੀਨੇਟਰ ਹੈਪੀ ਮਾਹੀ, ਅੱਖਦਾਨ ਕੋਆਰਡੀਨੇਟਰ ਰਾਹੁਲ ਬੰਗਾ, ਜਸਵਿੰਦਰ ਸਿੰਘ ਠੇਕੇਦਾਰ, ਬਲਵਿੰਦਰ ਹੀਰਾ, ਕਮਲ ਮਹਿਰਾ, ਅੱਖਦਾਨੀ ਪਰਿਵਾਰਾਂ ਦੇ ਮੈਂਬਰ ਅਨਿਲ ਕੁਮਾਰ ਗੁਪਤਾ, ਮਨੂੰ ਦੁੱਗਲ, ਰਾਜੇਸ਼, ਨਵਦੀਪ ਸਿੰਘ, ਸੰਜੀਵ ਕੁਮਾਰ ਅਰੋੜਾ, ਨਿਿਤਨ ਕਨੌਜੀਆ, ਵੀ.ਪੀ. ਸਿੰਘ ਅਰੋੜਾ ਅਤੇ ਜਸਵਿੰਦਰ ਸਿੰਘ ਆਦਿ ਹਾਜਰ ਸਨ।