ਸ਼ਾਲੀਮਾਰ ਬਾਗ ’ਚ ਲੁੱਟ-ਖੋਹ ਦੀਆਂ ਘਟਨਾਵਾਂ ਨਾਲ ਚਿੰਤਾ ਵਧੀ ਸ਼ਾਲੀਮਾਰ ਬਾਗ ’ਚ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਵਧੀ ਚਿੰਤਾ
Publish Date: Sun, 20 Sep 2026 09:45 PM (IST)
Updated Date: Sun, 20 Sep 2026 09:47 PM (IST)
--ਸੀਨੀਅਰ ਸਿਟੀਜ਼ਨ ਕਲੱਬ ਨੇ ਐੱਸਐੱਸਪੀ ਨਾਲ ਕੀਤੀ ਮੁਲਾਕਾਤ, ਪੁਲਿਸ ਗਸ਼ਤ ਵਧਾਉਣ ਦੀ ਕੀਤੀ ਮੰਗ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼ਾਲੀਮਾਰ ਬਾਗ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਲੁੱਟ-ਖੋਹ, ਝਪਟਮਾਰੀ ਤੇ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਸੀਨੀਅਰ ਸਿਟੀਜ਼ਨ ਕਲੱਬ (ਰਜਿ.) ਕਪੂਰਥਲਾ ਵੱਲੋਂ ਐੱਸਐੱਸਪੀ ਗੌਰਵ ਤੂਰਾ ਨਾਲ ਮੁਲਾਕਾਤ ਕੀਤੀ ਗਈ ਤੇ ਸ਼ਾਮ ਤੇ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਸੀਨੀਅਰ ਸਿਟੀਜ਼ਨ ਕਲੱਬ ਦੇ ਪ੍ਰਧਾਨ ਜਗਦੀਸ਼ ਸਹਿਗਲ ਨੇ ਦੱਸਿਆ ਕਿ ਉਨ੍ਹਾਂ ਦਾ ਕਲੱਬ ਸ਼ਾਲੀਮਾਰ ਬਾਗ ਵਿੱਚ ਬਣੇ ਸੇਵਾ ਕੇਂਦਰ ਦੇ ਪਿੱਛੇ ਸਥਿਤ ਹੈ। ਇੱਥੇ ਰੋਜ਼ਾਨਾ ਸ਼ਾਮ ਸਮੇਂ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਕਲੱਬ ਦੀਆਂ ਗਤੀਵਿਧੀਆਂ ਤੇ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠੇ ਹੁੰਦੇ ਹਨ। ਇਸ ਦੌਰਾਨ ਉਹ ਅਕਸਰ ਦੇਖਦੇ ਹਨ ਕਿ ਨਸ਼ੇੜੀ ਤੇ ਸ਼ਰਾਰਤੀ ਕਿਸਮ ਦੇ ਲੋਕ ਸ਼ਾਲੀਮਾਰ ਬਾਗ ਵਿੱਚ ਘੁੰਮਦੇ ਰਹਿੰਦੇ ਹਨ ਤੇ ਰਾਹ ਜਾਂਦੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਇਸ ਕਾਰਨ ਲੋਕਾਂ ਤੇ ਖ਼ਾਸ ਕਰਕੇ ਸੀਨੀਅਰ ਸਿਟੀਜ਼ਨ ਕਲੱਬ ਦੇ ਮੈਂਬਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਾਲੀਮਾਰ ਬਾਗ ਨਾਲ ਲੱਗਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗ ਰਹਿੰਦੇ ਹਨ, ਜੋ ਸਵੇਰੇ-ਸ਼ਾਮ ਸੈਰ ਕਰਨ ਲਈ ਘਰਾਂ ਤੋਂ ਬਾਹਰ ਨਿਕਲਦੇ ਹਨ। ਅਜਿਹੇ ਵਿੱਚ ਅਪਰਾਧਿਕ ਘਟਨਾਵਾਂ ਦੀ ਸੰਭਾਵਨਾ ਕਾਰਨ ਕਈ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਮੁੱਖ ਥਾਵਾਂ ’ਤੇ ਨਿਯਮਤ ਪੁਲਿਸ ਗਸ਼ਤ ਦੇ ਨਾਲ-ਨਾਲ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਜਾਂਚ ਵੀ ਵਧਾਈ ਜਾਵੇ। ਐੱਸਐੱਸਪੀ ਗੌਰਵ ਤੂਰਾ ਨੇ ਕਲੱਬ ਦੇ ਮੈਂਬਰਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਸ਼ੱਕੀ ਵਿਅਕਤੀ, ਵਾਹਨ ਜਾਂ ਗਤੀਵਿਧੀ ਬਾਰੇ ਜਾਣਕਾਰੀ ਮਿਲਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤੇ ਆਪਣੀ ਸੁਰੱਖਿਆ ਨੂੰ ਲੈ ਕੇ ਸੁਚੇਤ ਰਹਿਣ। ਸੀਨੀਅਰ ਸਿਟੀਜ਼ਨ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਪੁਲਿਸ ਦੀ ਸਰਗਰਮ ਗਸ਼ਤ ਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਇਸ ਮੌਕੇ ਕੇਐੱਲ ਭਗਤ, ਪ੍ਰਦੀਪ ਮਿਨਹਾਸ, ਰਾਕੇਸ਼ ਸ਼ਰਮਾ, ਨਰੇਸ਼ ਗੁਲਾਟੀ, ਜਤਿੰਦਰ ਬੇਦੀ, ਬੰਟੀ, ਜਸਵਿੰਦਰ ਸਿੰਘ, ਸੁਰਿੰਦਰ ਸੂਦ, ਜਸਪਾਲ ਨਾਹਰ, ਕਮਲ ਕਿਸ਼ੋਰ ਧੀਰ, ਵਿਜੇ ਸੂਦ ਆਦਿ ਹਾਜ਼ਰ ਸਨ।