ਝੋਨੇ ਦੀ ਖਰੀਦ ਰੋਕਣ ਕਾਰਨ ਕਿਸਾਨ ਤੇ ਆੜ੍ਹਤੀਆਂ ਚਿੰਤਤ : ਧਾਲੀਵਾਲ ਸਰਕਾਰ ਵੱਲੋਂ ਝੋਨੇ ਦੀ ਖਰੀਦ ਰੋਕਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਚਿੰਤਾ, ਵਿਧਾਇਕ ਧਾਲੀਵਾਲ
Publish Date: Fri, 06 Nov 2026 08:59 PM (IST)
Updated Date: Sat, 07 Nov 2026 04:06 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਹੁਸ਼ਿਆਰਪੁਰ ਰੋਡ ਸਥਿਤ ਨਵੀਂ ਦਾਣਾ ਮੰਡੀ ਦਾ ਦੌਰਾ ਕਰ ਕੇ ਆੜ੍ਹਤੀਆਂ ਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਝੋਨੇ ਦੀ ਸਰਕਾਰੀ ਖਰੀਦ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਆੜ੍ਹਤੀਆਂ ਅਤੇ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਰੋਕ ਦਿੱਤੇ ਜਾਣ ਕਾਰਨ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਪਹੁੰਚ ਰਹੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਪਹੁੰਚੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਖਰੀਦ ਦੇ ਅਲਾਟਮੈਂਟ ਅਤੇ ਫਸਲ ਦੀ ਅਸਲ ਆਮਦ ਵਿਚਲੇ ਵੱਡੇ ਅੰਤਰ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਖਰੀਦ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਕਿਸਾਨਾਂ ਦੀ ਵੱਡੀ ਮਾਤਰਾ ਵਿੱਚ ਫਸਲ ਮੰਡੀਆਂ ਵਿੱਚ ਰੁਕ ਸਕਦੀ ਹੈ। ਵਿਧਾਇਕ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਭਰ ਵਿੱਚ ਝੋਨੇ ਦੀ ਸਰਕਾਰੀ ਖਰੀਦ ਲਈ ਕੁੱਲ 1.80 ਕਰੋੜ ਮੀਟ੍ਰਿਕ ਟਨ ਦਾ ਟੀਚਾ ਮਿੱਥਿਆ ਗਿਆ ਸੀ, ਜਦਕਿ ਇਸ ਸੀਜ਼ਨ ਦੌਰਾਨ ਫਸਲ ਦੀ ਕੁੱਲ ਆਮਦ ਲਗਭਗ 2.20 ਕਰੋੜ ਮੀਟ੍ਰਿਕ ਟਨ ਹੋਣ ਦੀ ਉਮੀਦ ਹੈ। ਇਸ ਤਰ੍ਹਾਂ ਪੰਜਾਬ ਭਰ ਵਿੱਚ ਕਰੀਬ 40 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਲਈ ਪ੍ਰਬੰਧਾਂ ਦੀ ਘਾਟ ਰਹਿਣ ਦਾ ਖਦਸ਼ਾ ਹੈ। ਉਹਨਾਂ ਦੱਸਿਆ ਕਿ ਫਗਵਾੜਾ ਦੀ ਨਵੀਂ ਦਾਣਾ ਮੰਡੀ ਵਿਖੇ ਝੋਨੇ ਦੀ ਹੁਣ ਤੱਕ 8,17,000 ਕੁਇੰਟਲ ਖਰੀਦ ਹੋਈ ਹੈ, ਜਦਕਿ 4 ਨਵੰਬਰ 2026 ਤੱਕ ਮੰਡੀ ਵਿੱਚ 10,22,000 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਿਰਫ ਫਗਵਾੜਾ ਮੰਡੀ ਵਿੱਚ ਹੀ ਲਗਭਗ ਇੱਕ ਲੱਖ ਮੀਟ੍ਰਿਕ ਟਨ ਹੋਰ ਝੋਨਾ ਆਉਣ ਦੀ ਉਮੀਦ ਹੈ, ਜਿਸ ਕਾਰਨ ਖਰੀਦ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਹੋਰ ਵਧ ਗਈ ਹੈ। ਉਹਨਾਂ ਕਿਹਾ ਕਿ ਇਸ ਸਮੱਸਿਆ ਦਾ ਅਸਰ ਸਿਰਫ਼ ਫਗਵਾੜਾ ਦੀ ਮੁੱਖ ਦਾਣਾ ਮੰਡੀ ਤੱਕ ਹੀ ਸੀਮਤ ਨਹੀਂ ਰਹਿਣ ਵਾਲਾ, ਸਗੋਂ ਇਲਾਕੇ ਦੀਆਂ ਹੋਰ ਛੇ ਮੰਡੀਆਂ ਰਾਵਲਪਿੰਡੀ, ਰਿਹਾਣਾ ਜੱਟਾਂ, ਵਾਹਿਦ, ਜਗਤਪੁਰ ਜੱਟਾਂ, ਰਾਣੀਪੁਰ ਅਤੇ ਪਾਂਛਟਾ ਵਿਖੇ ਵੀ ਕਿਸਾਨਾਂ ਦੀ ਫਸਲ ਦੀ ਖਰੀਦ ਪ੍ਰਭਾਵਿਤ ਹੋਵੇਗੀ। ਜੇਕਰ ਫਗਵਾੜਾ ਖੇਤਰ ਦੀਆਂ ਉਕਤ ਸਾਰੀਆਂ ਮੰਡੀਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਕਰੀਬ 1.50 ਤੋਂ 1.75 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹਾਲੇ ਬਾਕੀ ਹੈ। ਧਾਲੀਵਾਲ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਦੀ ਫਸਲ ਨੂੰ ਧਿਆਨ ਵਿੱਚ ਰੱਖ ਕੇ ਨਾਸਮਝੀ ਦਿਖਾਈ ਹੈ, ਕਿਉਂਕਿ ਪਿਛਲੇ ਸਾਲ ਹੜਾਂ ਦੀ ਮਾਰ ਕਾਰਨ ਕਾਫੀ ਫਸਲ ਖਰਾਬ ਹੋ ਗਈ ਸੀ, ਪਰ ਇਸ ਵਾਰ ਝਾੜ ਕਾਫੀ ਜਿਆਦਾ ਹੈ, ਜਿਸਦਾ ਅੰਦਾਜਾ ਸਰਕਾਰ ਨੂੰ ਹੋਣਾ ਚਾਹੀਦਾ ਸੀ। ਇਸ ਮੌਕੇ ਮੌਜੂਦ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਤੁਰੰਤ ਸੁਚਾਰੂ ਢੰਗ ਨਾਲ ਸ਼ੁਰੂ ਕਰਵਾਈ ਜਾਵੇ ਅਤੇ ਮੰਡੀਆਂ ਵਿੱਚ ਪਹੁੰਚ ਰਹੀ ਫਸਲ ਦੀ ਖਰੀਦ ਲਈ ਲੋੜੀਂਦਾ ਅਲਾਟਮੈਂਟ ਵਧਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਖੱਜਲ-ਖੁਆਰ ਨਾ ਹੋਣਾ ਪਵੇ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ, ਹੁਸਨ ਸਿੰਘ ਘੁੰਮਣ, ਰਾਕੇਸ਼ ਪ੍ਰਭਾਕਰ, ਵਿਨੀਸ਼ ਸੂਦ, ਪ੍ਰਵੇਸ਼ ਗੁਪਤਾ, ਅਨਿਲ ਗੁਪਤਾ, ਦੀਪਕ ਪ੍ਰਭਾਕਰ, ਪ੍ਰਮੋਦ ਦੁੱਗਲ, ਪੁਨੀਤ ਕੁਮਾਰ ਸੰਨੀ, ਗੁਰਜੀਤ ਵਾਲੀਆ, ਵਿਨੋਦ ਵਰਮਾਨੀ, ਜਤਿੰਦਰ ਵਰਮਾਨੀ, ਪਰਮਜੀਤ ਸਿੰਘ ਸੇਵਾਮੁਕਤ ਐਸ.ਪੀ., ਤਰਨਜੀਤ ਸਿੰਘ ਬੰਟੀ ਵਾਲੀਆ ਕੌਂਸਲਰ, ਪਰਮਜੀਤ ਧਰਮਸੋਤ, ਉਮੇਸ਼ ਸ਼ਰਮਾ ਆਦਿ ਹਾਜ਼ਰ ਸਨ।