ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਲਾਰਿਆਂ ਦੇ ਗੁਬਾਰੇ ਹਵਾ ’ਚ ਉਡਾ ਕੇ ਜਤਾਇਆ ਰੋਸ
Publish Date: Thu, 24 Sep 2026 07:19 PM (IST)
Updated Date: Thu, 24 Sep 2026 07:21 PM (IST)
ਲਾਰਿਆਂ ਦੇ ਗੁਬਾਰੇ ਹਵਾ ’ਚ ਉਡਾ ਕੇ ਜਤਾਇਆ ਰੋਸ ਮੰਗਾਂ ਪੂਰੀਆਂ ਹੋਣ ਤੱਕ ਸਾਡਾ ਸੰਘਰਸ਼ ਰਹੇਗਾ ਜਾਰੀ ਸੁੱਖੀ ਟਿੱਬਾ/ਵਿਜੇ ਸੋਨੀ ਪੰਜਾਬੀ ਜਾਗਰਣ ਹੁਸੈਨਪੁਰ/ਫਗਵਾੜਾ : ਕਪੂਰਥਲਾ/ਸੰਗਰੂਰ ਦੀ ਧਰਤੀ ’ਤੇ ਚੱਲ ਰਹੇ ਕੰਪਿਊਟਰ ਅਧਿਆਪਕਾਂ ਦੇ ਪੱਕੇ ਮੋਰਚੇ ਦੇ ਪੰਜਵੇਂ ਦਿਨ ਅੱਜ ਕਪੂਰਥਲਾ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਸੂਬਾ ਕਮੇਟੀ ਮੈਂਬਰ ਪਵਨ ਸੋਹਲ ਤੇ ਤਲਵਿੰਦਰ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋਏ ਕਪੂਰਥਲਾ ਦੇ ਅਧਿਆਪਕਾਂ ਨੇ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਦਿੱਤੇ ਜਾ ਰਹੇ ਝੂਠੇ ਲਾਰਿਆਂ ਦੇ ਗੁਬਾਰੇ ਹਵਾ ਵਿੱਚ ਉਡਾ ਕੇ ਆਪਣਾ ਰੋਸ ਦਰਜ ਕਰਵਾਇਆ। ਇਸ ਮੌਕੇ ਹਾਜ਼ਰ ਜ਼ਿਲ੍ਹਾ ਆਗੂਆਂ ਜਗਤਾਰ ਸਿੰਘ, ਨਰੇਸ਼ ਕੁਮਾਰ, ਦਵਿੰਦਰ ਸਿੰਘ, ਸੁਰਿੰਦਰ ਕੌਰ, ਬਲਜਿੰਦਰ ਕੌਰ, ਰਣਜੀਤ ਕੌਰ, ਕਿੰਦਰਜੀਤ ਕੌਰ, ਬਲਜੀਤ ਕੌਰ, ਰਮਨਦੀਪ ਸਿੰਘ, ਕਪਿਲ ਕਰੀਤੀ ਮਲਿਕ, ਜਸਪਾਲ ਸਿੰਘ, ਵਿਪਨ ਸੈਣੀ, ਪ੍ਰੇਮ ਸਿੰਘ ਰਤੜਾ, ਪ੍ਰਦੀਪ ਸਿੰਘ, ਸੰਜੀਵ ਸ਼ਰਮਾ, ਇੰਦਰਜੀਤ ਸਿੰਘ, ਰਣਜੀਤ ਸਿੰਘ, ਪੰਕਜ ਸਿੰਘ, ਕਿਰਨਦੀਪ ਤੇ ਨਿਸੀ ਵੀਨੂੰ ਸੂਦ ਆਦਿ ਨੇ ਸਾਂਝੇ ਤੌਰ ਤੇ ਆਖਿਆ ਕਿ ਸਰਕਾਰ ਦੇ “ਕਰਾਂਗੇ, ਦੇਵਾਂਗੇ, ਵਿਚਾਰ ਕਰਾਂਗੇ” ਵਰਗੇ ਰਵਾਇਤੀ ਲਾਰਿਆਂ ਨਾਲ ਹੁਣ ਗੱਲ ਨਹੀਂ ਬਣਨ ਵਾਲੀ। ਕੰਪਿਊਟਰ ਅਧਿਆਪਕ ਆਪਣੇ ਹੱਕਾਂ ਲਈ ਆਰ-ਪਾਰ ਦੇ ਫੈਸਲਾਕੁੰਨ ਸੰਘਰਸ਼ ਦੇ ਰਾਹ ’ਤੇ ਪੈ ਚੁੱਕੇ ਹਨ। ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਕੰਪਿਊਟਰ ਅਧਿਆਪਕਾਂ ਤੇ ਛੇਵਾਂ ਪੇਅ ਕਮਿਸ਼ਨ ਲਾਗੂ ਕਰਕੇ ਉਨ੍ਹਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ (ਸ਼ਾਮਲ) ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਮੋਰਚਾ ਇਸੇ ਤਰ੍ਹਾਂ ਡਟਿਆ ਰਹੇਗਾ ਤੇ ਸਰਕਾਰ ਦੇ ਝੂਠ ਦੀ ਪੋਲ ਖੋਲ੍ਹੀ ਜਾਂਦੀ ਰਹੇਗੀ। ਹਾਈਕੋਰਟ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਣ ਤੇ ਜਤਾਇਆ ਰੋਸ ਆਗੂਆਂ ਨੇ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਕੰਪਿਊਟਰ ਅਧਿਆਪਕ ਸਰਕਾਰ ਤੋਂ ਕੋਈ ਖੈਰਾਤ ਨਹੀ ਮੰਗ ਰਹੇ, ਬਲਕਿ ਉਹ ਆਪਣੇ ਉਹ ਹੱਕ ਮੰਗ ਰਹੇ ਹਨ, ਜੋ ਉਨ੍ਹਾਂ ਦੇ ਨਿਯੁਕਤੀ ਪੱਤਰਾਂ ਵਿੱਚ ਲਿਖੇ ਹੋਏ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਨੇ ਵੀ 25 ਫਰਵਰੀ 2025 ਨੂੰ ਅਧਿਆਪਕਾਂ ਦੇ ਹੱਕ ਵਿੱਚ ਇਤਿਹਾਸਕ ਫੈਸਲਾ ਸੁਣਾ ਕੇ ਇਸ ਤੇ ਮੋਹਰ ਲਗਾਈ ਸੀ, ਪਰ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਲਾਗੂ ਕਰਨ ਦੀ ਥਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ, ਜਿਸ ਨਾਲ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ।