ਪੰਜਾਬ ਦਾ ਕਰੋੜਪਤੀ ਮੁਕਾਬਲਾ ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜੇਗਾ : ਪੱਡਾ ਪੰਜਾਬ ਦਾ ਕਰੋੜਪਤੀ ਮੁਕਾਬਲਾ ਨੌਜਵਾਨਾਂ ਨੂੰ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨਾਲ ਜੋੜੇਗਾ : ਪੱਡਾ
Publish Date: Mon, 16 Nov 2026 07:07 PM (IST)
Updated Date: Mon, 16 Nov 2026 07:09 PM (IST)
ਅਮਰੀਕ ਮੱਲ੍ਹੀ\ਸੁਖਪਾਲ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਨੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਮਾਂ-ਬੋਲੀ ਤੇ ਅਮੀਰ ਵਿਰਸੇ ਨਾਲ ਜੋੜਨ ਲਈ ਪੰਜਾਬ ਦਾ ਕਰੋੜਪਤੀ ਕੁਇਜ਼ ਮੁਕਾਬਲਾ ਸ਼ੁਰੂ ਕੀਤਾ ਹੈ। ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾਈ ਉਪ-ਪ੍ਰਧਾਨ ਸੁਖਵੰਤ ਸਿੰਘ ਪੱਡਾ ਨੇ ਦੱਸਿਆ ਕਿ ਇਹ ਮੁਕਾਬਲਾ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਖੁੱਲ੍ਹਾ ਹੋਵੇਗਾ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦਾ ਮੁੱਖ ਵਿਸ਼ਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਹੋਵੇਗਾ। ਪੰਜਾਬ ਦੇ ਇਤਿਹਾਸ, ਸੱਭਿਆਚਾਰ, ਵਿਰਾਸਤ ਤੇ ਆਮ ਗਿਆਨ ਬਾਰੇ ਸਵਾਲ ਪੁੱਛੇ ਜਾਣਗੇ। ਇਸ ਮੁਕਾਬਲੇ ਦਾ ਉਦੇਸ਼ ਨੌਜਵਾਨਾਂ ਵਿੱਚ ਗਿਆਨ ਪ੍ਰਤੀ ਜਨੂੰਨ ਪੈਦਾ ਕਰਨਾ ਤੇ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ ਹੈ। ਇਸ ਮੁਕਾਬਲੇ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਸ਼ਾਨਦਾਰ ਇਨਾਮ ਮਿਲੇਗਾ। ਇਸ ਤੋਂ ਇਲਾਵਾ ਵੱਖ-ਵੱਖ ਪੜਾਵਾਂ ਵਿੱਚ 10,000 ਭਾਗੀਦਾਰਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਮੁਕਾਬਲੇ ਲਈ ਆਨਲਾਈਨ ਰਜਿਸਟ੍ਰੇਸ਼ਨ 15 ਨਵੰਬਰ ਤੋਂ ਸ਼ੁਰੂ ਹੋਕੇ 28 ਨਵੰਬਰ ਤੱਕ ਜਾਰੀ ਰਹੇਗੀ। ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਯੋਗ ਨੌਜਵਾਨ ਹਿੱਸਾ ਲੈਣ ਦੇ ਯੋਗ ਹੋਣਗੇ। ਜ਼ਿਲ੍ਹਾ ਪੱਧਰੀ ਮੁਕਾਬਲੇ ਤੋਂ ਬਾਅਦ, ਰਾਜ ਪੱਧਰੀ ਫਾਈਨਲ ਹੋਵੇਗਾ। ਪੱਡਾ ਨੇ ਕਿਹਾ ਕਿ ਕੁੱਲ 11 ਰਾਊਂਡ ਹੋਣਗੇ, ਜਿਨ੍ਹਾਂ ਵਿੱਚੋਂ ਨੌਂ ਆਨਲਾਈਨ ਤੇ ਦੋ ਆਹਮੋ-ਸਾਹਮਣੇ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸਵਾਲ ਟੀਵੀ ਪ੍ਰੋਗਰਾਮ ਕੌਨ ਬਨੇਗਾ ਕਰੋੜਪਤੀ ਦੇ ਸਵਾਲਾਂ ਵਾਂਗ ਹੀ ਹੋਣਗੇ, ਜਿਨ੍ਹਾਂ ਵਿੱਚ ਚਾਰ ਬਦਲ ਹੋਣਗੇ। ਉਨ੍ਹਾਂ ਕਿਹਾ ਕਿ ਮੁਕਾਬਲੇ ਵਿੱਚ 50,000 ਸਵਾਲਾਂ ਦਾ ਪੂਲ ਹੋਵੇਗਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਵਾਲ ਸਰਕਾਰੀ ਨੌਕਰੀ ਭਰਤੀ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਸਵਾਲਾਂ ’ਤੇ ਅਧਾਰਤ ਹੋਣਗੇ, ਜਿਨ੍ਹਾਂ ਵਿੱਚ ਪਟਵਾਰੀ, ਕਾਂਸਟੇਬਲ, ਪੰਜਾਬ ਪਬਲਿਕ ਸਰਵਿਸ ਅਫਸਰ ਤੇ ਸਬ-ਡਿਵੀਜ਼ਨਲ ਅਫਸਰ (ਐੱਸਡੀਓ) ਵਰਗੇ ਅਹੁਦਿਆਂ ਲਈ ਸਵਾਲ ਸ਼ਾਮਲ ਹਨ। ਦੱਸਵਾਂ ਦੌਰ 23 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਜਾਵੇਗਾ ਤੇ ਜੇਤੂ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਕੁੱਲ 10,000 ਭਾਗੀਦਾਰਾਂ ਨੂੰ ਇਨਾਮ ਦਿੱਤੇ ਜਾਣਗੇ। ਪੱਡਾ ਨੇ ਕਿਹਾ ਕਿ ਫਾਈਨਲ ਜੇਤੂ ਨੂੰ 1 ਕਰੋੜ ਰੁਪਏ ਤੇ ਚਾਰ ਉਪ ਜੇਤੂਆਂ ਨੂੰ 10-10 ਲੱਖ ਰੁਪਏ ਮਿਲਣਗੇ। ਪੱਡਾ ਨੇ ਰਾਜ ਭਰ ਦੇ ਸਕੂਲਾਂ ਤੇ ਕਾਲਜਾਂ ਨੂੰ ਮੁਕਾਬਲੇ ਲਈ ਰਜਿਸਟਰ ਕਰਨ ਦੀ ਅਪੀਲ ਕੀਤੀ।