ਭਾਰਤੀ ਕਮਿਊਨਿਸਟ ਪਾਰਟੀ ਨੇ ਸਲਾਨਾ ਸਮਾਗਮ ਦੀਆਂ ਤਿਆਰੀਆਂ ਅਰੰਭੀਆਂ ਭਾਰਤੀ ਕਮਿਊਨਿਸਟ ਪਾਰਟੀ ਨੇ ਕਾਲ਼ਾ ਸੰਘਿਆਂ ਘੋਲ਼ ਦੇ ਸ਼ਹੀਦਾਂ ਦੀ ਯਾਦ ’ਚ ਹੋਣ ਵਾਲੇ ਸਲਾਨਾ ਸਮਾਗਮ ਦੀਆਂ ਤਿਆਰੀਆਂ ਅਰੰਭੀਆਂ
Publish Date: Fri, 28 Aug 2026 09:59 PM (IST)
Updated Date: Fri, 28 Aug 2026 10:01 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਵੱਲੋਂ ਕਾਲਾ ਸੰਘਿਆਂ ਘੋਲ ਦੇ ਸ਼ਹੀਦਾਂ ਦੀ ਬਣੀ ਯਾਦਗਾਰ ਵਿਖੇ ਕਾਮਰੇਡ ਲੁਭਾਇਆ ਸਿੰਘ ਕਾਲਾ ਸੰਘਿਆਂ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਪਾਰਟੀ ਵੱਲੋਂ ਨਕਸਲੀ ਲਹਿਰ ਦੇ 1973 ’ਚ ਕਾਲਾ ਸੰਘਿਆਂ ਘੋਲ ਦੇ 7 ਨਕਸਲੀ ਸ਼ਹੀਦ ਸਾਥੀਆਂ ’ਚ ਸ਼ਾਮਲ ਸਾਥੀ ਤੇਜਾ ਸਿੰਘ ਕਾਲਾ ਸੰਘਿਆਂ, ਜੋਗਿੰਦਰ ਸਿੰਘ ਜਿੰਦ, ਸਵਰਨ ਸਿੰਘ ਢੱਡਾ, ਤਰਸੇਮ ਸਿੰਘ ਟੁੱਟ, ਗੁਰਦੀਪ ਸਿੰਘ ਗੋਬਿੰਦਪੁਰ, ਗੁਰਦਿਆਲ ਸਿੰਘ ਕਾਲਾ ਸੰਘਿਆਂ ਤੇ ਬਿਕਰਮਜੀਤ ਸਿੰਘ ਸਾਦਿਕਪੁਰ ਦੀ ਯਾਦ ਵਿੱਚ 9 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਕਰਵਾਏ ਜਾਂਦੇ ਨਕਸਲੀ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਦਾ ਐਲਾਨ ਕਰਦਿਆਂ ਸਮਾਗਮ ਦੀਆਂ ਤਿਆਰੀਆਂ ਰਸਮੀ ਤੌਰ ’ਤੇ ਅਰੰਭੀਆਂ ਗਈਆਂ। ਆਗੂਆਂ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਵੱਲੋਂ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਜਾਵੇਗੀ। ਸਵੇਰੇ 11 ਵਜੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਸ਼ਹੀਦੀ ਯਾਦਗਾਰ ਤੇ ਸੂਹਾ ਲਾਲ ਝੰਡਾ ਝੁਲਾਉਣ ਉਪਰੰਤ ਇਨਕਲਾਬੀ ਨਾਅਰਿਆਂ ਦੀ ਗੂੰਜ ਹੇਠ ਕਿਰਤੀ ਲੋਕਾਂ ਦਾ ਕਾਫ਼ਲਾ ਮਾਰਚ ਕਰਦਿਆਂ ਕਾਲਾ ਸੰਘਿਆਂ ਦੀ ਦਾਣਾ ਮੰਡੀ ਪਹੁੰਚੇਗਾ, ਜਿਥੇ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਤੇ ਕਾਮਰੇਡ ਗੁਰਮੁਖ ਸਿੰਘ ਮਾਨ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹੀਦ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਮੀਟਿੰਗ ਦੌਰਾਨ ਪਾਰਟੀ ਦੇ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਤੇ ਕਾਮਰੇਡ ਲੁਭਾਇਆ ਸਿੰਘ ਕਾਲਾ ਸੰਘਿਆਂ ਨੇ ਕਿਹਾ ਕਿ ਅੱਜ ਜਦੋਂ ਅਸੀਂ ਕਾਲਾ ਸੰਘਿਆਂ ਘੋਲ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾ ਰਹੇ ਹਾਂ ਤਾਂ ਇਸ ਸਮੇਂ ਦੇਸ਼ ਦੇ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਤੇ ਇਨਸਾਫਪਸੰਦ ਲੋਕ ਸਰਕਾਰਾਂ ਦੀਆਂ ਕਾਰਪੋਰੇਟਪੱਖੀ ਨੀਤੀਆਂ, ਅੰਨੀ ਮਹਿੰਗਾਈ, ਬੇਰੁਜ਼ਗਾਰੀ ਤੇ ਫਿਰਕੂ ਨਫ਼ਰਤ ਖਿਲਾਫ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਤਾਂ ਸਰਕਾਰਾਂ ਕੋਲ ਜਨਤਾ ਦੇ ਇਨ੍ਹਾਂ ਹੱਕੀ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਇਹਨਾਂ ਜਨਤਕ ਇਕੱਠਾਂ ਤੇ ਲੋਕ ਸੰਘਰਸ਼ਾਂ ਨੂੰ ਰੋਕਣ ਲਈ ਮੋਦੀ ਸਰਕਾਰ ਹੁਣ ਰਾਜਨੀਤਕ ਸੱਤਾ ਦੀ ਦੁਰਵਰਤੋਂ ਕਰਕੇ ਲੋਕਤੰਤਰ ਦਾ ਮੁਕੰਮਲ ਖਾਤਮਾ ਕਰਨ ਦੀ ਤਿਆਰੀ ਵਿੱਚ ਹੈ। ਜਦੋਂ ਕਿ ਅਸਲ ਵਿੱਚ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਨਕਸਲੀ ਜਾਂ ਸਵਾਲ ਚੁੱਕਣ ਵਾਲੇ ਬੁੱਧੀਜੀਵੀ ਨਹੀਂ, ਸਗੋਂ ਸਰਕਾਰ ਦੀਆਂ ਆਪਣੀਆਂ ਲੋਕ-ਮਾਰੂ ਨੀਤੀਆਂ ਹਨ। ਕੇਂਦਰ ਦੀ ਮੋਦੀ ਸਰਕਾਰ ਦੇ ਇਸ ਵਧ ਰਹੇ ਫਾਸ਼ੀਵਾਦੀ ਹਮਲੇ ਖਿਲਾਫ ਪੂਰੇ ਦੇਸ਼ ਵਿੱਚ ਇੱਕ ਵੱਡੀ ਲੋਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਸ਼ਰਧਾਂਜਲੀ ਸਮਾਗਮ ਮੌਕੇ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨੇਮੰਲ, ਸੁਰਿੰਦਰ ਸਿੰਘ ਗ਼ਦਰੀ, ਬਲਵੀਰ ਸਿੰਘ ਫਜਲਾਬਾਦ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਹੰਸਾਂ ਸਿੰਘ ਮੂੰਡੀ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਪਿਆਰਾ ਸਿੰਘ ਭੰਡਾਲ ਦੋਨਾ ਆਦਿ ਆਗੂ ਹਾਜ਼ਰ ਸਨ।