ਆੜ੍ਹਤੀ ਐਸੋਸੀਏਸ਼ਨ ਨੇ ਵਿਜੇ ਸਾਂਪਲਾ ਨੂੰ ਦੱਸੀਆਂ ਸਮੱਸਿਆਵਾਂ ਆੜ੍ਹਤੀ ਐਸੋਸੀਏਸ਼ਨ ਨੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਨਾਲ ਕੀਤੀ ਮੀਟਿੰਗ
Publish Date: Sat, 24 Oct 2026 08:16 PM (IST)
Updated Date: Sat, 24 Oct 2026 08:19 PM (IST)
ਆੜ੍ਹਤੀ ਐਸੋਸੀਏਸ਼ਨ ਨੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨਾਲ ਕੀਤੀ ਮੀਟਿੰਗ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਹੋਈ, ਜਿਸ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਮੰਡੀ ਵਿੱਚ ਝੋਨੇ ਦੀ ਆਮਦ, ਲਿਫਟਿੰਗ ਵਿੱਚ ਦੇਰੀ ਤੇ ਸਟੋਰੇਜ ਲਈ ਥਾਂ ਦੀ ਘਾਟ ਸਮੇਤ ਹੋਰ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਰਾਏ ਪੱਬੀ ਨੇ ਦੱਸਿਆ ਕਿ ਫਗਵਾੜਾ ਦੀ ਅਨਾਜ ਮੰਡੀ ਵਿੱਚ ਹੁਣ ਤੱਕ ਲਗਭਗ 65 ਤੋਂ 70 ਫ਼ੀਸਦੀ ਝੋਨੇ ਦੀ ਆਮਦ ਹੋ ਚੁੱਕੀ ਹੈ। ਕਿਸਾਨਾਂ ਵੱਲੋਂ ਮਿਹਨਤ ਨਾਲ ਫ਼ਸਲ ਮੰਡੀ ਵਿੱਚ ਲਿਆਂਦੀ ਜਾ ਰਹੀ ਹੈ ਤੇ ਫ਼ਸਲ ਦੀ ਅਦਾਇਗੀ ਸਮੇਂ ਸਿਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਅਦਾਇਗੀ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੈ ਤੇ ਮੁੱਖ ਚਿੰਤਾ ਝੋਨੇ ਦੀ ਲਿਫਟਿੰਗ ਵਿੱਚ ਆ ਰਹੀ ਦੇਰੀ ਹੈ, ਜਿਸ ਕਾਰਨ ਆੜ੍ਹਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਲਵੰਤ ਰਾਏ ਪੱਬੀ ਨੇ ਦੱਸਿਆ ਕਿ ਫਗਵਾੜਾ ਦੇ ਨੇੜਲੇ ਪਿੰਡ ਵਜੀਦੋਵਾਲ ਵਿੱਚ ਸਥਿਤ ਸਰਕਾਰੀ ਵੇਅਰਹਾਊਸ ਦੇ ਗੋਦਾਮਾਂ ਵਿੱਚ ਲਗਭਗ ਸਾਢੇ ਤਿੰਨ ਲੱਖ ਬੋਰੀਆਂ ਚਾਵਲ ਸਟੋਰ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਗੋਦਾਮਾਂ ਨੂੰ ਝੋਨੇ ਦੀ ਖਰੀਦ ਤੇ ਸਟੋਰੇਜ ਲਈ ਵਰਤਣ ਦੀ ਮਨਜ਼ੂਰੀ ਮਿਲ ਜਾਵੇ ਤਾਂ ਮੰਡੀ ਵਿੱਚ ਜਗਾ ਦੀ ਸਮੱਸਿਆ ਘਟ ਸਕਦੀ ਹੈ ਤੇ ਲਿਫਟਿੰਗ ਦੇ ਕੰਮ ਨੂੰ ਵੀ ਰਫ਼ਤਾਰ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਿਸੇ ਬੇਨਿਯਮੀ ਦੇ ਮਾਮਲੇ ਤੋਂ ਬਾਅਦ ਇਨ੍ਹਾਂ ਗੋਦਾਮਾਂ ਨੂੰ ਸੀਲ ਕਰ ਦਿੱਤਾ ਗਿਆ ਸੀ, ਪਰ ਹੁਣ ਸੀਲ ਖੁੱਲ੍ਹ ਚੁੱਕੀ ਹੈ। ਇਸ ਦੇ ਬਾਵਜੂਦ ਇਨ੍ਹਾਂ ਨੂੰ ਵਰਤੋਂ ਵਿੱਚ ਲਿਆਉਣ ਦੀ ਮਨਜ਼ੂਰੀ ਨਾ ਮਿਲਣ ਕਾਰਨ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਸਰਕਾਰ ਤੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਗੋਦਾਮਾਂ ਨੂੰ ਜਲਦੀ ਵਰਤੋਂ ਵਿੱਚ ਲਿਆਉਣ ਲਈ ਲੋੜੀਂਦੀ ਪ੍ਰਵਾਨਗੀ ਦਿੱਤੀ ਜਾਵੇ, ਤਾਂ ਜੋ ਝੋਨੇ ਦੀਆਂ ਬੋਰੀਆਂ ਨੂੰ ਉੱਥੇ ਸਟੋਰ ਕੀਤਾ ਜਾ ਸਕੇ। ਮੀਟਿੰਗ ਵਿੱਚ ਸੈਲਰ ਮਾਲਕਾਂ ਵੱਲੋਂ ਵੀ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਗਈਆਂ। ਕੁਲਵੰਤ ਰਾਏ ਪੱਬੀ ਨੇ ਦੱਸਿਆ ਕਿ ਸਟੋਰੇਜ ਤੇ ਲਿਫਟਿੰਗ ਨਾਲ ਜੁੜੀਆਂ ਮੁਸ਼ਕਲਾਂ ਕਾਰਨ ਮੰਡੀ ਦੇ ਕੰਮਕਾਜ ’ਤੇ ਅਸਰ ਪੈ ਰਿਹਾ ਹੈ। ਇਸ ਸਬੰਧੀ ਵਿਜੇ ਸਾਂਪਲਾ ਨੇ ਐੱਫਸੀਆਈ ਦੇ ਜਨਰਲ ਮੈਨੇਜਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਮੀਟਿੰਗ ਵਿੱਚ ਰੁੱਝੇ ਹੋਣ ਕਾਰਨ ਤੁਰੰਤ ਗੱਲਬਾਤ ਨਹੀਂ ਹੋ ਸਕੀ। ਹਾਲਾਂਕਿ, ਮੀਟਿੰਗ ਦੌਰਾਨ ਉਨ੍ਹਾਂ ਨੇ ਆੜ੍ਹਤੀਆਂ ਤੇ ਸੈਲਰ ਮਾਲਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਭਰੋਸਾ ਦਿੱਤਾ ਕਿ ਮਾਮਲੇ ਨੂੰ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ। ਆੜ੍ਹਤੀਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਲਿਫਟਿੰਗ ਵਿੱਚ ਆਈ ਰੁਕਾਵਟ ਤੇ ਲਗਭਗ ਦੋ ਦਿਨਾਂ ਤੱਕ ਬਣੀ ਜਾਮ ਵਰਗੀ ਸਥਿਤੀ ਕਾਰਨ ਮੰਡੀ ਦੇ ਕੰਮਕਾਜ ’ਤੇ ਅਸਰ ਪਿਆ ਸੀ। ਹੁਣ ਕੁਝ ਖਰੀਦ ਏਜੰਸੀਆਂ ਵੱਲੋਂ ਲਿਫਟਿੰਗ ਮੁੜ ਸ਼ੁਰੂ ਕੀਤੀ ਗਈ ਹੈ, ਪਰ ਪਹਿਲਾਂ ਇਕੱਠਾ ਹੋਇਆ ਬੈਕਲਾਗ ਹੌਲੀ-ਹੌਲੀ ਨਿਪਟਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਆਮਦ ਹੋਰ ਵਧਣ ਦੀ ਸੰਭਾਵਨਾ ਹੈ, ਇਸ ਲਈ ਲਿਫਟਿੰਗ ਵਿੱਚ ਤੇਜ਼ੀ ਲਿਆਉਣੀ ਜ਼ਰੂਰੀ ਹੈ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਲਿਫਟਿੰਗ ਦੀ ਸਮੱਸਿਆ ਦਾ ਜਲਦੀ ਹੱਲ ਕਰਨ ਤੇ ਵਜੀਦੋਵਾਲ ਦੇ ਗੋਦਾਮਾਂ ਦੀ ਵਰਤੋਂ ਸਬੰਧੀ ਫ਼ੈਸਲਾ ਲੈਣ, ਤਾਂ ਜੋ ਕਿਸਾਨਾਂ, ਆੜ੍ਹਤੀਆਂ ਤੇ ਸੈਲਰ ਮਾਲਕਾਂ ਨੂੰ ਬੇਲੋੜੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਦੂਆ, ਆੜ੍ਹਤੀ ਜਸਵਿੰਦਰ ਸਿੰਘ ਘੁੰਮਣ, ਤੇਜਸਵੀ ਭਾਰਦਵਾਜ, ਨੰਦ ਸੋਨੀ ਤੇ ਹੋਰ ਨੁਮਾਇੰਦੇ ਮੌਜੂਦ ਸਨ।