- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬਾ ਸਰਕਾਰ ਵੱਲੋਂ ਵਾਤਾਵਰਣ ਬਚਾਉਣ ਲਈ ਸ਼ਲਾਘਾਯੋਗ ਉਪਰਾਲਾ : ਡਾ. ਚੱਬੇਵਾਲ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਪੰਜਾਬ ਅੰਦਰ ਵਾਤਾਵਰਣ ਦੇ ਵਿਗੜ ਰਹੇ ਸੰਤੁਲਨ ਨੂੰ ਬਰਕਰਾਰ ਰੱਖਣ, ਰੁੱਖਾਂ ਦੀ ਸੰਭਾਲ ਕਰਨ ਤੇ ਸੂਬੇ ਨੂੰ ਹੋਰ ਹਰਿਆ-ਭਰਿਆ ਬਣਾਉਣ ਦੀ ਦਿਸ਼ਾ ਵਿੱਚ ਸੂਬਾ ਸਰਕਾਰ ਵੱਲੋਂ ਇੱਕ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ‘ਪੰਜਾਬ ਪ੍ਰੋਟੈਕਸ਼ਨ ਆਫ ਟਰੀਜ਼ ਬਿੱਲ’ ਵਿਧਾਨ ਸਭਾ ਵਿੱਚ ਪੇਸ਼ ਕਰਕੇ ਇਸ ਨੂੰ ਮਨਜ਼ੂਰੀ ਦਿਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਬਿੱਲ ਵਿੱਚ ਰੁੱਖਾਂ ਦੀ ਬੇਲੋੜੀ ਕਟਾਈ ’ਤੇ ਸਖ਼ਤ ਪਾਬੰਦੀਆਂ ਤੇ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ ਹਲਕਾ ਇੰਚਾਰਜ ਫਗਵਾੜਾ ਤੇ ਸੀਨੀਅਰ ਆਗੂ ਸਮਰ ਗੁਪਤਾ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਰੁੱਖ ਸਿਰਫ਼ ਹਰਿਆਲੀ ਦਾ ਪ੍ਰਤੀਕ ਨਹੀਂ, ਸਗੋਂ ਸਾਫ਼ ਹਵਾ, ਵਰਖਾ ਦੇ ਸੰਤੁਲਨ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਹਤਮੰਦ ਭਵਿੱਖ ਲਈ ਵੀ ਬੇਹੱਦ ਜ਼ਰੂਰੀ ਹਨ। ਸਰਕਾਰ ਵੱਲੋਂ ਰੁੱਖਾਂ ਦੀ ਸੁਰੱਖਿਆ ਲਈ ਕਾਨੂੰਨੀ ਪ੍ਰਬੰਧ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਸਮਰ ਗੁਪਤਾ ਨੇ ਕਿਹਾ ਕਿ ਪ੍ਰਸਤਾਵਿਤ ਬਿੱਲ ਤਹਿਤ ਪੰਜਾਬ ਵਿੱਚ ਰੁੱਖਾਂ ਦੀ ਕਟਾਈ ਨੂੰ ਨਿਯਮਬੱਧ ਕੀਤਾ ਜਾਵੇਗਾ। ਜੇਕਰ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਰੁੱਖ ਕੱਟਣ ਦੀ ਲੋੜ ਪੈਂਦੀ ਹੈ ਤਾਂ ਇਸ ਸਬੰਧੀ ਪਹਿਲਾਂ ਸਬੰਧਤ ਵਿਭਾਗ ਨੂੰ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਕੱਟੇ ਗਏ ਰੁੱਖ ਦੇ ਬਦਲੇ 10 ਨਵੇਂ ਬੂਟੇ ਲਗਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ, ਤਾਂ ਜੋ ਸੂਬੇ ਵਿੱਚ ਰੁੱਖਾਂ ਦੀ ਗਿਣਤੀ ਵਿੱਚ ਕਮੀ ਨਾ ਆਵੇ ਤੇ ਹਰਿਆਵਲ ਨੂੰ ਵਧਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਵਾਤਾਵਰਣ ਨਾਲ ਜੁੜੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਡਿੱਗਦਾ ਪੱਧਰ, ਵਧਦਾ ਪ੍ਰਦੂਸ਼ਣ ਤੇ ਹਰਿਆਲੀ ਵਿੱਚ ਕਮੀ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੰਤਾ ਦਾ ਵਿਸ਼ਾ ਹਨ। ਅਜਿਹੇ ਸਮੇਂ ਵਿੱਚ ਰੁੱਖਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਲਿਆਉਣਾ ਇੱਕ ਮਹੱਤਵਪੂਰਨ ਕਦਮ ਸਾਬਿਤ ਹੋ ਸਕਦਾ ਹੈ। ਡਾ. ਚੱਬੇਵਾਲ ਤੇ ਸਮਰ ਗੁਪਤਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣ, ਉਨ੍ਹਾਂ ਦੀ ਸੰਭਾਲ ਕਰਨ ਤੇ ਬਿਨਾਂ ਲੋੜ ਰੁੱਖਾਂ ਦੀ ਕਟਾਈ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਆਮ ਲੋਕਾਂ ਦੀ ਭਾਗੀਦਾਰੀ ਨਾਲ ਹੀ ਪੰਜਾਬ ਨੂੰ ਮੁੜ ਹਰਿਆ-ਭਰਿਆ ਤੇ ਵਾਤਾਵਰਣ ਪੱਖੋਂ ਸਿਹਤਮੰਦ ਬਣਾਇਆ ਜਾ ਸਕਦਾ ਹੈ। ਇਹ ਕਾਨੂੰਨ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਵੱਲ ਇੱਕ ਮੀਲ ਪੱਥਰ ਸਾਬਿਤ ਹੋ ਸਕਦਾ ਹੈ।