- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ 23ਵੇਂ ਰਾਜ ਪੱਧਰੀ ਟੂਰਨਾਮੈਂਟ ਦਾ ਆਗਾਜ਼

ਨਗਰ ਕੌਂਸਲ ਪ੍ਰਧਾਨ ਸੰਦੀਪ ਕੌਰ ਚੀਮਾ ਨੇ ਗੁਬਾਰੇ ਛੱਡ ਕੇ ਕੀਤਾ ਉਦਘਾਟਨ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਖੇਡਾਂ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਨੂੰ ਹੋਰ ਮਜ਼ਬੂਤ ਕਰਦਿਆਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ (ਰਜਿ.) ਵੱਲੋਂ 23ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਅਕਾਲ ਅਕੈਡਮੀ ਸਟੇਡੀਅਮ ਵਿਖੇ ਬੜੇ ਜੋਸ਼, ਉਤਸ਼ਾਹ ਤੇ ਧੂਮਧਾਮ ਨਾਲ ਸ਼ੁਰੂ ਕੀਤਾ ਗਿਆ। ਕਲੱਬ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਤੇ ਪ੍ਰਧਾਨ ਜਤਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦਾ ਉਦਘਾਟਨ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ ਪ੍ਰਧਾਨ ਸੰਦੀਪ ਕੌਰ ਚੀਮਾ ਤੇ ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਵੱਲੋਂ ਆਕਾਸ਼ ਵਿੱਚ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤਾ ਗਿਆ। ਇਸ ਮੌਕੇ ਖੇਡ ਮੈਦਾਨ ਵਿੱਚ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਦਘਾਟਨੀ ਸਮਾਗਮ ਦੌਰਾਨ ਮਹਿਮਾਨਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਖੇਡਾਂ ਵਿੱਚ ਬੁਲੰਦੀਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਸੰਦੀਪ ਕੌਰ ਚੀਮਾ ਤੇ ਨਵਨੀਤ ਸਿੰਘ ਚੀਮਾ ਨੇ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਦੇ ਸਰਬਪੱਖੀ ਵਿਕਾਸ ਦਾ ਅਹਿਮ ਸਾਧਨ ਹਨ। ਖੇਡਾਂ ਜਿੱਥੇ ਨੌਜਵਾਨਾਂ ਅੰਦਰ ਅਨੁਸ਼ਾਸਨ, ਮਿਹਨਤ, ਸਹਿਣਸ਼ੀਲਤਾ ਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ, ਉੱਥੇ ਹੀ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਲਗਾਤਾਰ 23ਵਾਂ ਰਾਜ ਪੱਧਰੀ ਟੂਰਨਾਮੈਂਟ ਕਰਵਾਉਣਾ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ।
ਟੂਰਨਾਮੈਂਟ ਦੇ ਪਹਿਲੇ ਦਿਨ ਵਿਸ਼ੇਸ਼ ਮਹਿਮਾਨ ਵਜੋਂ ਕੈਨੇਡਾ ਤੋਂ ਪੁੱਜੇ ਗੁਰਪ੍ਰੀਤ ਸਿੰਘ ਤੇ ਸਮਾਜ ਸੇਵਕ ਗੁਰਨਾਮ ਸਿੰਘ ਬਾਜਵਾ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ। ਕਲੱਬ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਨੇ ਕਲੱਬ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿੱਚ ਹੈਪੀ ਕ੍ਰਿਕਟ ਕਲੱਬ ਸੁਲਤਾਨਪੁਰ ਲੋਧੀ ਤੇ ਫਰੈਂਡਸ ਕ੍ਰਿਕਟ ਕਲੱਬ ਮਹਿਮੂਦਪੁਰਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਮੈਚ ਵਿੱਚ ਫਰੈਂਡਸ ਕ੍ਰਿਕਟ ਕਲੱਬ ਮਹਿਮੂਦਪੁਰਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ ਧਮਾਕੇਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਟੀਮ ਦੇ ਬੱਲੇਬਾਜ਼ ਪ੍ਰਭੂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ 116 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਹੈਪੀ ਕ੍ਰਿਕਟ ਕਲੱਬ ਸੁਲਤਾਨਪੁਰ ਲੋਧੀ ਦੀ ਟੀਮ ਵਿਰੋਧੀ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ ਤੇ ਪੂਰੀ ਟੀਮ 152 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤਰ੍ਹਾਂ ਫਰੈਂਡਸ ਕ੍ਰਿਕਟ ਕਲੱਬ ਮਹਿਮੂਦਪੁਰਾ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਟੂਰਨਾਮੈਂਟ ਵਿੱਚ ਆਪਣੀ ਜੇਤੂ ਸ਼ੁਰੂਆਤ ਕੀਤੀ। ਦੂਜਾ ਮੁਕਾਬਲਾ ਵਰਮਾ ਕ੍ਰਿਕਟ ਕਲੱਬ ਸਾਹਨੇਵਾਲ ਤੇ ਟੁਰਨਾ ਕ੍ਰਿਕਟ ਕਲੱਬ ਮਹਿਤਪੁਰ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਵੀ ਦਰਸ਼ਕਾਂ ਨੂੰ ਚੌਕਿਆਂ ਤੇ ਛੱਕਿਆਂ ਦੀ ਖੂਬ ਬਰਸਾਤ ਦੇਖਣ ਨੂੰ ਮਿਲੀ। ਵਰਮਾ ਕ੍ਰਿਕਟ ਕਲੱਬ ਦੇ ਬੱਲੇਬਾਜ਼ ਸ਼ੁਭਮ ਪਟਵਾਲ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਸੈਂਕੜਾ ਜੜਿਆ ਤੇ ਆਪਣੀ ਟੀਮ ਨੂੰ ਨਿਰਧਾਰਤ 20 ਓਵਰਾਂ ਵਿੱਚ 227 ਦੌੜਾਂ ਦੇ ਵਿਸ਼ਾਲ ਸਕੋਰ ਤੱਕ ਪਹੁੰਚਾਇਆ। ਜਵਾਬ ਵਿੱਚ ਟੀਚੇ ਦਾ ਪਿੱਛਾ ਕਰਨ ਉਤਰੀ ਟੁਰਨਾ ਕ੍ਰਿਕਟ ਕਲੱਬ ਮਹਿਤਪੁਰ ਦੀ ਟੀਮ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਦਾ ਸਾਹਮਣਾ ਨਾ ਕਰ ਸਕੀ ਤੇ 132 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਇਸ ਮੌਕੇ ਕਲੱਬ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਤੇ ਪ੍ਰਧਾਨ ਜਤਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਉੱਭਰ ਰਹੀ ਖੇਡ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨਾ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਇਸ ਟੂਰਨਾਮੈਂਟ ਨੂੰ ਡਾ. ਗਗਨਦੀਪ ਸਿੰਘ ਤੇ ਡਾ. ਨਵਪ੍ਰੀਤ ਸਿੰਘ ਵੱਲੋਂ ਐਂਟੀ ਡਰੱਗ ਕਲੱਬ ਤੇ ਵਾਹਿਗੁਰੂ ਅਕੈਡਮੀ ਦੇ ਸਹਿਯੋਗ ਨਾਲ ਸਪਾਂਸਰ ਕੀਤਾ ਜਾ ਰਿਹਾ ਹੈ। ਮੈਚਾਂ ਦੌਰਾਨ ਅੰਪਾਇਰਿੰਗ ਦੀ ਜ਼ਿੰਮੇਵਾਰੀ ਕੋਚ ਅਮਰਦੀਪ ਤੇ ਕੋਚ ਸੋਢੀ ਸਿੰਘ ਨੇ ਨਿਭਾਈ, ਜਦਕਿ ਸਕੋਰਿੰਗ ਦੀ ਜ਼ਿੰਮੇਵਾਰੀ ਅਜੇ ਅਸਲਾ ਤੇ ਸੋਨਾ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਜੱਜ, ਅੰਗਰੇਜ਼ ਸਿੰਘ ਡੇਰਾ ਸੈਦਾ, ਬਲਕਾਰ ਸਿੰਘ ਹਰਨਾਮਪੁਰ, ਪਰਗਟ ਸਿੰਘ ਜੱਜ, ਕੁਲਵਿੰਦਰ ਸਿੰਘ ਜੱਜ, ਅਰਸ਼ਦੀਪ ਸਿੰਘ, ਨਿਰਮਲ ਸਿੰਘ ਮਹਿਤਪੁਰ, ਚਤਰ ਸਿੰਘ, ਹਰਮੀਤ ਸਿੰਘ, ਰਣਜੀਤ ਸਿੰਘ ਸੈਣੀ, ਹਰਪ੍ਰੀਤ ਸਿੰਘ ਸੰਧੂ, ਜਗਤਾਰ ਸਿੰਘ, ਯਸ਼ ਥਿੰਦ, ਮੁਕੇਸ਼ ਚੌਹਾਨ, ਕਰਨ ਚੌਹਾਨ, ਵਿਪੁਲ ਸੋਨਾ, ਗੁਰਨਾਮ ਸਿੰਘ ਬਾਜਵਾ, ਕੁਲਜੀਤ ਸਿੰਘ, ਬ੍ਰਿਜ ਸ਼ਰਮਾ, ਸੁੱਖੀ, ਅਮਰਜੀਤ ਸਿੰਘ, ਪੁਨੀਤ ਵਧਵਾ, ਸੁਰਿੰਦਰ ਸਿੰਘ, ਬਲਦੇਵ ਸਿੰਘ, ਟੀਟਾ ਬਾਵਾ ਸਿੰਘ, ਮੈਨੇਜਰ ਗੁਰਦੇਵ ਸਿੰਘ ਨੱਡਾ, ਹਰਜੀਤ ਸਿੰਘ ਯੂਏਈ, ਜਸਜੀਤ ਸਿੰਘ, ਜਰਨੈਲ ਸਿੰਘ, ਦਲਜੀਤ ਸਿੰਘ ਜੈਨਪੁਰ, ਪਰਵਿੰਦਰ ਸਿੰਘ, ਨਿਰਮਲ ਸਿੰਘ, ਰਾਜੇਸ਼ ਕੁਮਾਰ ਰਾਜੂ, ਕੁਲਜੀਤ ਸਿੰਘ ਵੀਰੇ, ਕਮਲਜੀਤ ਕੌਰ, ਬਾਜ ਅਕੈਡਮੀ ਤੋਂ ਸੱਤਾ, ਸੁਸ਼ੀਲ ਵੀਰੂ, ਮਾਸਟਰ ਨਰੇਸ਼ ਕੋਹਲੀ ਸਮੇਤ ਹੋਰ ਪਤਵੰਤੇ ਤੇ ਖੇਡ ਪ੍ਰੇਮੀ ਹਾਜ਼ਰ ਸਨ।