ਕੰਬਾਈਨ ਮਸ਼ੀਨਾਂ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ ਕੰਬਾਈਨਾਂ ਅੱਗੇ ਬਲੇਡ ਲਗਾ ਕੇ ਸੜਕਾਂ ’ਤੇ ਦੌੜ ਰਹੀਆਂ ਮਸ਼ੀਨਾਂ, ਪ੍ਰਸ਼ਾਸਨ ਦੇ ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ
Publish Date: Fri, 30 Oct 2026 07:05 PM (IST)
Updated Date: Fri, 30 Oct 2026 07:07 PM (IST)
ਦੁਰਗਾਪੁਰ ਹਾਦਸੇ ’ਚ ਪਿਓ-ਪੁੱਤ ਦੀ ਮੌਤ ਤੋਂ ਬਾਅਦ ਵੀ ਨਹੀਂ ਰੁਕਿਆ ਖ਼ਤਰਨਾਕ ਰੁਝਾਨ ਡਡਵਿੰਡੀ ਬੱਸ ਅੱਡੇ ’ਤੇ ਬਲੇਡ ਲੱਗੀ ਕੰਬਾਈਨ ਦੌੜਦੀ ਦੇਖੀ ਗਈ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕੰਬਾਈਨ ਚਾਲਕਾਂ ਵੱਲੋਂ ਦਿਨ-ਦਿਹਾੜੇ ਤੇ ਰਾਤ ਦੇ ਹਨੇਰੇ ਵਿੱਚ ਕੰਬਾਈਨਾਂ ਦੇ ਅੱਗੇ ਬਲੇਡ ਲਗਾ ਕੇ ਸੜਕਾਂ ’ਤੇ ਸ਼ਰੇਆਮ ਆਵਾਜਾਈ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦੀ ਕਥਿਤ ਤੌਰ ’ਤੇ ਉਲੰਘਣਾ ਕੀਤੀ ਜਾ ਰਹੀ ਹੈ। ਕੰਬਾਈਨ ਚਾਲਕਾਂ ਦੀ ਅਜਿਹੀ ਲਾਪਰਵਾਹੀ ਲੋਕਾਂ ਦੀਆਂ ਕੀਮਤੀ ਜਾਨਾਂ ਲਈ ਖ਼ਤਰਾ ਬਣ ਸਕਦੀ ਹੈ। ਬੀਤੇ ਦਿਨੀਂ ਪਿੰਡ ਦੁਰਗਾਪੁਰ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਇੱਕ ਹੱਸਦੇ-ਵੱਸਦੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਪਲਾਂ ਵਿੱਚ ਹੀ ਮਾਤਮ ਵਿੱਚ ਬਦਲ ਦਿੱਤਾ ਸੀ। ਇਸ ਹਾਦਸੇ ਵਿੱਚ ਮੋਟਰਸਾਈਕਲ ਤੇ ਕੰਬਾਈਨ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਦੌਰਾਨ ਪਹਿਲਾਂ 25 ਸਾਲਾ ਨੌਜਵਾਨ ਰਾਜਵਿੰਦਰ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਗੰਭੀਰ ਜ਼ਖ਼ਮੀ ਉਸ ਦੇ ਪਿਤਾ ਬਲਵਿੰਦਰ ਸਿੰਘ ਨੇ ਵੀ ਦੇਰ ਰਾਤ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਇੱਕੋ ਪਰਿਵਾਰ ਦੇ ਦੋ ਜੀਆਂ ਦੀ ਮੌਤ ਕਾਰਨ ਪਿੰਡ ਦੁਰਗਾਪੁਰ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ। ਹਾਦਸੇ ਤੋਂ ਬਾਅਦ ਕੰਬਾਈਨ ਚਾਲਕ ਦੇ ਮੌਕੇ ਤੋਂ ਫ਼ਰਾਰ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਸ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਤੇ ਸੜਕਾਂ ’ਤੇ ਭਾਰੀ ਖੇਤੀਬਾੜੀ ਮਸ਼ੀਨਰੀ ਦੀ ਆਵਾਜਾਈ ਸਬੰਧੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਅਜੇ ਵੀ ਨਹੀਂ ਰੁਕਿਆ ਖ਼ਤਰਨਾਕ ਰੁਝਾਨ ਦੁਰਗਾਪੁਰ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਵੀ ਕੰਬਾਈਨ ਚਾਲਕਾਂ ਵੱਲੋਂ ਕੰਬਾਈਨਾਂ ਦੇ ਅੱਗੇ ਬਲੇਡ ਲਗਾ ਕੇ ਸੜਕਾਂ ’ਤੇ ਆਵਾਜਾਈ ਕਰਨ ਦਾ ਸਿਲਸਿਲਾ ਜਾਰੀ ਹੈ। ਇਸ ਦੀ ਤਾਜ਼ਾ ਮਿਸਾਲ ਪਿੰਡ ਡਡਵਿੰਡੀ ਦੇ ਬੱਸ ਅੱਡੇ ’ਤੇ ਦੇਖਣ ਨੂੰ ਮਿਲੀ, ਜਿੱਥੇ ਇੱਕ ਕੰਬਾਈਨ ਚਾਲਕ ਵੱਲੋਂ ਆਪਣੀ ਮਸ਼ੀਨ ਦੇ ਅੱਗੇ ਬਲੇਡ ਲਗਾ ਕੇ ਸ਼ਰੇਆਮ ਕੰਬਾਈਨ ਚਲਾਈ ਜਾ ਰਹੀ ਸੀ। ਅਜਿਹੀਆਂ ਮਸ਼ੀਨਾਂ ਸੜਕ ’ਤੇ ਆਵਾਜਾਈ ਕਰਨ ਵਾਲੇ ਮੋਟਰਸਾਈਕਲ ਸਵਾਰਾਂ, ਕਾਰ ਚਾਲਕਾਂ ਤੇ ਹੋਰ ਰਾਹਗੀਰਾਂ ਲਈ ਖ਼ਤਰਾ ਬਣ ਸਕਦੀਆਂ ਹਨ। ਖ਼ਾਸ ਕਰਕੇ ਰਾਤ ਦੇ ਹਨੇਰੇ ਵਿੱਚ ਇਨ੍ਹਾਂ ਕਾਰਨ ਹਾਦਸੇ ਵਾਪਰਨ ਦਾ ਖ਼ਦਸ਼ਾ ਹੋਰ ਵਧ ਜਾਂਦਾ ਹੈ। ਕੀ ਪੁਲਿਸ ਪ੍ਰਸ਼ਾਸਨ ਕਰੇਗਾ ਕਾਰਵਾਈ ਲੋਕਾਂ ਵੱਲੋਂ ਸਵਾਲ ਉਠਾਇਆ ਜਾ ਰਿਹਾ ਹੈ ਕਿ ਜਦੋਂ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ ਤਾਂ ਉਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਸੜਕਾਂ ’ਤੇ ਬਲੇਡ ਲਗਾ ਕੇ ਕੰਬਾਈਨਾਂ ਚਲਾਉਣ ਵਾਲੇ ਚਾਲਕਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੇ ਦਰਦਨਾਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਜਦੋਂ ਐੱਸਆਈ ਬਲਵਿੰਦਰ ਸਿੰਘ, ਚੌਂਕੀ ਇੰਚਾਰਜ ਮੋਠਾਂਵਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਉਹ ਇਸ ਦਾ ਜ਼ਰੂਰ ਹੱਲ ਕਰਨਗੇ।