- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਡੀਆਂ ਤੇ ਵੀ ਪੈਂਦਾ ਹੈ ਠੰਢ ਦਾ ਅਸਰ,ਡਾ: ਪਰਹਾਰ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਸਾਡੇ ਦੇਸ਼ ਅੰਦਰ ਵੱਖੋ-ਵੱਖਰੀਆਂ ਰੁੱਤਾਂ ਆਉਂਦੀਆਂ ਹੀ ਰਹਿੰਦੀਆਂ ਹਨ ਸਰਦੀ, ਗਰਮੀ, ਪਤਝੜ ਬਰਸਾਤ, ਇਨ੍ਹਾਂ ਰੁੱਤਾਂ ਵਿੱਚੋਂ ਹੀ ਇੱਕ ਰੁੱਤ ਸਰਦੀ ਦੀ ਰੁੱਤ ਹੈ। ਸਰਦੀਆਂ ਦਾ ਮੌਸਮ ਆਉਣ ਤੋਂ ਬਾਅਦ ਭਾਵੇਂ ਅਸੀਂ ਮੋਟੇ ਕੱਪੜੇ ਪਾਉਣ ਲੱਗ ਜਾਂਦੇ ਹਾਂ। ਸਰੀਰ ਨੂੰ ਸਰਦੀ ਤੋਂ ਬਚਾਉਣ ਦੇ ਵੱਖੋ-ਵੱਖਰੇ ਢੰਗ ਤਰੀਕੇ ਅਪਣਾਉਂਦੇ ਹਾਂ ਪਰ ਸਰੀਰ ਦੇ ਅੰਦਰੂਨੀ ਹਿੱਸੇ ਵਿੱਚ ਮੌਜੂਦ ਹੱਡੀਆਂ ’ਤੇ ਵੀ ਸਰਦੀ ਦਾ ਅਸਰ ਪੈਂਦਾ ਹੈ। ਜਦੋਂ ਸਾਡਾ ਸਰੀਰ ਘੱਟ ਕਿਰਿਆਸ਼ੀਲ ਹੋ ਜਾਂਦਾ ਹੈ ਤਾਂ ਉਸ ਵਿਚ ਖੂਨ ਦਾ ਸੰਚਾਰ ਘੱਟ ਜਾਂਦਾ ਹੈ। ਘਟੀ ਹੋਈ ਸਰਕੂਲੇਸ਼ਨ ਕਾਰਨ ਜੋੜਾਂ ਵਿੱਚ ਕਮਜ਼ੋਰੀ ਜਾਂ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਠੰਢੇ ਮੌਸਮ ਕਾਰਣ ਜੋੜਾਂ ਤੇ ਹੱਡੀਆਂ ਦੇ ਦਰਦ ਦੀਆਂ ਸ਼ਿਕਾਇਤਾਂ ਵਿੱਚ ਵੀ ਵਾਧਾ ਦਿਖਾਈ ਦੇਣ ਲਗਦਾ ਹੈ।
ਸਰਦੀ ਤੋਂ ਬਚਣ ਦੇ ਉਪਾਅ
ਭਾਵੇਂ ਗਰਮੀ ਬਰਸਾਤਾਂ ਤੋਂ ਬਾਅਦ ਸੀਤ ਲਹਿਰ ਚਲਣ ਲੱਗਦੀ ਹੈ ਤੇ ਸਰਦੀਆਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਅਜਿਹੇ ਮੌਸਮ ਵਿਚ ਰੋਜ਼ਾਨਾ ਦੇ ਕੰਮਾਂ ਵਿਚ ਕੀਤਾ ਬਦਲਾਅ ਵੀ ਕਿਤੇ ਨਾ ਕਿਤੇ ਹੱਡੀਆਂ ਤੇ ਜੋੜਾਂ ਦੇ ਦਰਦ ਨੂੰ ਹੋਰ ਵਧਾ ਜਾਂਦਾ ਹੈ। ਜਿਵੇਂ ਗਰਮੀਆਂ ਦੇ ਮੌਸਮ ਵਿਚ ਕਸਰਤ, ਦੌੜ, ਯੋਗ ਨੂੰ ਤਵੱਜੋ ਦਿੱਤੀ ਜਾਂਦੀ ਹੈ ਤੇ ਸਰਦੀ ਆਉਂਦੇ ਸਾਰ ਇਹ ਸਾਰੀਆਂ ਛੱਡ ਦਿੱਤੀਆਂ ਜਾਂਦੀਆਂ ਹਨ। ਜੇਕਰ ਕੋਈ ਮਨੁੱਖ ਗਰਮੀਆਂ ਵਿੱਚ ਸੈਰ ਕਰਦਾ ਹੈ, ਦੌੜਦਾ ਹੈ ਤੇ ਉਸ ਨੂੰ ਸਰਦੀਆਂ ਵਿੱਚ ਇਸ ਨੂੰ ਨਹੀਂ ਛੱਡਣਾ ਚਾਹੀਦਾ। ਜੇਕਰ ਤੁਸੀਂ ਸਰਦੀਆਂ ਦੇ ਮੌਸਮ ਕਾਰਨ ਬਾਹਰ ਸੈਰ ਨਹੀਂ ਕਰ ਸਕਦੇ ਤਾਂ ਇਸ ਲਈ ਜਿਮ ਜਾਣਾ ਲਾਹੇਵੰਦ ਸਾਬਤ ਹੋ ਸਕਦਾ ਹੈ। ਸਰਦੀਆਂ ਦੇ ਮੌਸਮ ਵਿੱਚ ਕੀਤੀ ਕਸਰਤ ਸਰੀਰ ਨੂੰ ਕਿਰਿਆਸ਼ੀਲ ਰੱਖੇਗੀ ਤੇ ਸਰੀਰ ਤੇ ਪੈਂਦੇ ਸਰਦੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰੇਗੀ। ਹੱਡੀਆਂ ਤੇ ਜੋੜਾਂ ਦੇ ਦਰਦ ਨੂੰ ਹਲਕਾ ਜਿਹਾ ਨਹੀਂ ਲੈਣਾ ਚਾਹੀਦਾ। ਹਾਲਾਂਕਿ ਦਵਾਈਆਂ ਅਸਥਾਈ ਤੌਰ ’ਤੇ ਦਰਦਾਂ ਨੂੰ ਘਟਾਉਣ ਵਿਚ ਮਦਦਗਾਰ ਜ਼ਰੂਰ ਹੋ ਸਕਦੀਆਂ ਹਨ ਪਰ ਸਰਦੀਆਂ ਦੇ ਮੌਸਮ ਵਿੱਚ ਹੋਣ ਵਾਲੇ ਕਿਸੇ ਵੀ ਨਵੇਂ ਦਰਦ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇਕਰ ਹੱਡੀਆਂ ਜੋੜਾਂ ਵਿਚ ਕੋਈ ਨਵਾਂ ਦਰਦ ਜਾਂ ਸੋਜ਼ਸ਼ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਜਦੋਂ ਇਸ ਸੰਬੰਧੀ ਹੱਡੀਆਂ ਤੇ ਜੋੜਾਂ ਦੇ ਪ੍ਰਸਿਧ ਡਾਕਟਰ ਰੋਹਨ ਪਰਹਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰੀਰ ਦੇ ਪਿੰਜਰ ਜਾਂ ਹੱਡੀਆਂ ਦੀ ਸਿਹਤ ਓਨੀ ਹੀ ਮਹੱਤਵਪੂਰਨ ਹੈ, ਜਿੰਨੀ ਸਰੀਰ ਦੇ ਕਿਸੇ ਵੀ ਹੋਰ ਅੰਗ ਪ੍ਰਣਾਲੀ ਦੀ। ਇਹ ਦੇਖਿਆ ਗਿਆ ਹੈ ਕਿ ਜਿਵੇਂ-ਜਿਵੇਂ ਸਰਦੀਆਂ ਦਾ ਮੌਸਮ ਨੇੜੇ ਆਉਂਦਾ ਹੈ, ਹੱਡੀਆਂ ਨਾਲ ਸਬੰਧਤ ਸਮੱਸਿਆਵਾਂ ਵਿੱਚ ਕਾਫੀ ਵਾਧਾ ਹੋ ਜਾਂਦਾ ਹੈ। ਜੋ ਕਿ ਕਈ ਕਾਰਨਾਂ ਦਾ ਨਤੀਜਾ ਹੋ ਸਕਦਾ ਹੈ। ਸਰਦੀਆਂ ਦੇ ਮੌਸਮ ਵਿਚ ਆਮ ਲੋਕਾਂ ਦੀ ਸਰੀਰਕ ਗਤੀਵਿਧੀ ਸੁੰਗੜ ਜਾਂਦੀ ਹੈ, ਜਿਸ ਕਾਰਨ ਸਾਡੀਆਂ ਸਖ਼ਤ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਵਿਟਾਮਿਨ ਡੀ ਹੱਡੀਆਂ ਦੀ ਸੰਭਾਲ ਲਈ ਬਹੁਤ ਜ਼ਰੂਰੀ ਹੈ ਪਰ ਧੁੱਪ ਨਾ ਹੋਣ ਕਾਰਨ ਸਰੀਰ ਦੀ ਵਿਟਾਮਿਨ ਦੀ ਕਮੀ ਪੂਰੀ ਨਹੀਂ ਹੁੰਦੀ, ਜਿਸ ਕਾਰਨ ਹੱਡੀਆਂ ਵਿੱਚ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸੰਤੁਲਿਤ ਖੁਰਾਕ, ਹੱਡੀਆਂ ਦੀ ਮਜ਼ਬੂਤੀ ਨੂੰ ਕਾਇਮ ਰੱਖਣ ਲਈ ਵਿਟਾਮਿਨ ਡੀ ਤੇ ਕੈਲਸ਼ੀਅਮ ਦੀ ਬਹੁਤ ਲੋੜ ਪੈਂਦੀ ਹੈ। ਕੋਸ਼ਿਸ਼ ਕਰੋ ਭੋਜਨ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਡੀ, ਵਿਟਾਮਿਨ ਸੀ, ਭਰਪੂਰ ਮਾਤਰਾ ਵਿੱਚ ਹੋਵੇ। ਭਾਵੇਂ ਗਰਮੀ ਹੋਵੇ ਜਾਂ ਸਰਦੀ ਪਾਣੀ ਹਮੇਸ਼ਾ ਦੀ ਜ਼ਿਆਦਾ ਪੀਣਾ ਚਾਹੀਦਾ ਹੈ।