ਸੈਂਟਰ ਭਾਣੋ ਲੰਗਾ ’ਚ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਸੈਂਟਰ ਭਾਣੋ ਲੰਗਾ (ਕਪੂਰਥਲਾ -1) ਵਿਖੇ ਸਹਿ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ
Publish Date: Tue, 17 Nov 2026 08:58 PM (IST)
Updated Date: Tue, 17 Nov 2026 09:00 PM (IST)
ਅਮਰੀਕ ਮੱਲ੍ਹੀ ਪੰਜਾਬੀ ਜਾਗਰਣ ਕਪੂਰਥਲਾ : ਸਿੱਖਿਆ ਬਲਾਕ ਕਪੂਰਥਲਾ-1 ਅਧੀਨ ਪੈਂਦੇ ਸੈਂਟਰ ਭਾਣੋ ਲੰਗਾ ਵਿਖੇ ਸਹਿ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਬੀਆਰਸੀ ਕਪੂਰਥਲਾ-1 ਡਾ. ਪਰਮਜੀਤ ਕੌਰ ਦੀ ਅਗਵਾਈ ਤੇ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਸਟੇਟ ਐਵਾਰਡੀ ਦੀ ਦੇਖਰੇਖ ਹੇਠ ਅੱਜ ਸੈਂਟਰ ਭਾਣੋ ਲੰਗਾ ਵਿਖੇ ਕਰਵਾਏ ਗਏ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ 8 ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਹਿ ਵਿੱਦਿਅਕ ਮੁਕਾਬਲੇ ਦੌਰਾਨ ਸੁੰਦਰ ਲਿਖਾਈ (ਪੰਜਾਬੀ, ਅੰਗਰੇਜੀ ਤੇ ਹਿੰਦੀ ਭਾਸ਼ਾ), ਕਵਿਤਾ ਗਾਇਨ ਮੁਕਾਬਲਾ, ਬੋਲ ਲਿਖਤ ਮੁਕਾਬਲਾ, ਚਿੱਤਰਕਲਾ ਮੁਕਾਬਲਾ, ਭਾਸ਼ਣ ਮੁਕਾਬਲਾ, ਪਹਾੜੇ ਉਚਾਰਨ ਮੁਕਾਬਲਾ, ਚਿੱਤਰ ਦੇਖ ਕੇ ਕਹਾਣੀ ਬਣਾਉਣਾ, ਆਮ ਗਿਆਨ ਪ੍ਰਤੀਯੋਗਤਾ, ਤਸਵੀਰ ਦੇਖ ਕੇ ਪੈਰਾ ਲਿਖਣਾ, ਬਾਲ ਗੀਤ ਮੁਕਾਬਲਾ, ਕਿਤਾਬ ਪੜ੍ਹਨ ਮੁਕਾਬਲਾ ਆਦਿ ਵੱਖ ਵੱਖ ਵਿਸ਼ਿਆਂ ਦੇ ਮੁਕਾਬਲਿਆਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ (ਮੁੰਡੇ-ਕੁੜੀਆਂ) ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਸਹਿ ਵਿੱਦਿਅਕ ਮੁਕਾਬਲਿਆਂ ਦੌਰਾਨ ਅਧਿਆਪਕਾਂ ਦੇ ਵੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਉਕਤ ਵੱਖ-ਵੱਖ ਵਿਸ਼ਿਆਂ ਦੇ ਸਹਿ ਵਿੱਦਿਅਕ ਮੁਕਾਬਲਿਆਂ ਦੌਰਾਨ ਜਜਮੇਂਟ ਦੀ ਭੂਮਿਕਾ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਸਟੇਟ ਐਵਾਰਡੀ, ਸੈਂਟਰ ਹੈੱਡ ਟੀਚਰ ਜੈਮਲ ਸਿੰਘ ਸ਼ੇਖੂਪੁਰ, ਸੈਂਟਰ ਹੈੱਡ ਟੀਚਰ ਸਰਬਜੀਤ ਕੌਰ ਸਿੱਧਵਾਂ ਦੋਨਾ, ਡਾ. ਪਰਮਜੀਤ ਕੌਰ, ਰੁਪਿੰਦਰ ਕੌਰ, ਨਵਜੀਤ ਕੌਰ, ਨਵਤੇਜ ਕੌਰ, ਕੁਲਵਿੰਦਰ ਸਿੰਘ ਦੁਰਗਾਪੁਰ, ਮਨਜੀਤ ਸਿੰਘ ਤੋਗਾਂਵਾਲ, ਬਿਸ਼ੰਬਰ ਸਿੰਘ, ਸਰਬਜੀਤ ਸਿੰਘ ਆਦਿ ਨੇ ਬਾਖੂਬੀ ਨਿਭਾਈ।