ਸੀ.ਐੱਮ.ਸੀ. ਦੀ ਡੈਂਟਲ ਹੈਲਥ ਕੇਅਰ ਬੱਸ ਦਾ ਬਲੱਡ ਬੈਂਕ ਪੁੱਜਣ ‘ਤੇ ਸਵਾਗਤ ਸੀ.ਐਮ.ਸੀ. ਦੀ ਅਤਿ ਆਧੂਨਿਕ ਡੈਂਟਲ ਹੈਲਥ ਕੇਅਰ ਬੱਸ ਦਾ ਬਲੱਡ ਬੈਂਕ ਪਹੁੰਚਣ ‘ਤੇ ਹੋਇਆ ਨਿੱਘਾ ਸਵਾਗਤ
Publish Date: Wed, 02 Sep 2026 07:52 PM (IST)
Updated Date: Thu, 03 Sep 2026 04:04 AM (IST)
ਕੈਪਸ਼ਨ- 02ਪੀਐਚਜੀ5 ਫਗਵਾੜਾ ਦੇ ਬਲੱਡ ਬੈਂਕ ਵਿਖੇ ਆਧੂਨਿਕ ਡੈਂਟਲ ਹੈਲਥ ਕੇਅਰ ਬੱਸ ਦਾ ਸਵਾਗਤ ਅਤੇ ਕੈਂਪ ਦਾ ਉਦਘਾਟਨ ਕਰਦੇ ਹੋਏ ਡਾ. ਰਾਜਕੁਮਾਰ ਚੱਬੇਵਾਲ ਦੇ ਨਾਲ ਸਤਪਾਲ ਸੇਠੀ ਅਤੇ ਹੋਰ ਪਤਵੰਤੇ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਉਦਯੋਗਪਤੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਸੰਚਾਲਿਤ ਬਲੱਡ ਬੈਂਕ ਵਿਖੇ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਯਾਦ ਨੂੰ ਸਮਰਪਿਤ 483ਵਾਂ ਦੰਦਾਂ ਤੇ ਜਬਾੜਿਆਂ ਦਾ ਫਰੀ ਕੈਂਪ ਬਲਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਆਪ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਹਲਕਾ ਇੰਚਾਰਜ ਫਗਵਾੜਾ ਸ਼ਾਮਲ ਹੋਏ, ਜਦਕਿ ਮੇਅਰ ਰਾਮਪਾਲ ਉੱਪਲ, ਕੌਂਸਲਰ ਪਦਮ ਦੇਵ ਸੁਧੀਰ ਨੇ ਵੀ ਉਚੇਰੇ ਤੌਰ ’ਤੇ ਹਾਜਰੀ ਲਗਵਾਈ। ਇਸ ਦੌਰਾਨ ਸੀ.ਐੱਮ.ਸੀ. ਲੁਧਿਆਣਾ ਤੋਂ ਪਹੁੰਚੀ ਅਤਿ ਆਧੁਨਿਕ ਸੇਵਾਵਾਂ ਦੇ ਨਾਲ ਲੈੱਸ ਡੈਂਟਲ ਹੈਲਥ ਕੇਅਰ ਬੱਸ ਦਾ ਪਹਿਲੀ ਵਾਰ ਬੱਲਡ ਬੈਂਕ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਡਾ. ਰਾਜਕੁਮਾਰ ਚੱਬੇਵਾਲ ਵਲੋਂ ਰਸਮੀ ਉਦਘਾਟਨ ਉਪਰੰਤ ਡੈਂਟਲ ਕੇਅਰ ਬੱਸ ਵਿੱਚ ਸਵਾਰ ਸੀ.ਐਮ.ਸੀ. ਡੈਂਟਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਨਿਰਮਲ ਕੁਰੀਅਨ, ਡੈਂਟਲ ਵਿਭਾਗ ਦੇ ਹੈੱਡ ਡਾ. ਵਿਵੇਕ ਗੁਪਤਾ ਅਤੇ ਕੈਂਪ ਦੇ ਇੰਚਾਰਜ ਡਾ. ਤਮਨਪ੍ਰੀਤ ਸਿੰਘ ਸਮੇਤ ਦੰਦਾਂ ਦੇ ਮਾਹਿਰ ਡਾ. ਭਾਵਿਕਾ ਦੀ ਅਗਵਾਈ ਹੇਠ 25 ਮੈਂਬਰੀ ਮੋਬਾਇਲ ਟੀਮ ਨੇ ਮਰੀਜਾਂ ਦਾ ਚੈਕਅਪ ਕਰਕੇ ਲੋੜ ਅਨੁਸਾਰ ਇਲਾਜ ਦੀ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਿਆ। ਇਸ ਤੋਂ ਇਲਾਵਾ 10 ਤਿਆਰ ਜਬਾੜੇ ਲੋੜਵੰਦ ਬਜੁਰਗਾਂ ਨੂੰ ਵੰਡੇ ਗਏ ਅਤੇ 130 ਮਰੀਜਾਂ ਦੀ ਜਾਂਚ ਕਰਕੇ ਨਵੇਂ ਜਬਾੜੇ ਤਿਆਰ ਕਰਨ ਦੀ ਅਗਲੀ ਪ੍ਰਕ੍ਰਿਆ ਵੀ ਪੂਰੀ ਕੀਤੀ ਗਈ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਇਸ ਆਧੁਨਿਕ ਸੁਵਿਧਾਵਾਂ ਵਾਲੀ ਮੋਬਾਈਲ ਬੱਸ ’ਚ ਖਰਾਬ ਦੰਦ ਕੱਢਣ, ਦੰਦਾਂ ਦੀ ਭਰਾਈ ਸਫਾਈ ਅਤੇ ਐਕਸ-ਰੇ ਵਰਗੀਆਂ ਬਹੁਤ ਹੀ ਆਧੁਨਿਕ ਤਕਨੀਕ ਵਾਲੀਆਂ ਸੁਵਿਧਾਵਾਂ ਹਨ। ਉਨ੍ਹਾਂ ਨੇ ਦੱਸਿਆ ਕਿ ਅਗਲਾ ਕੈਂਪ 15 ਸਤੰਬਰ ਦਿਨ ਮੰਗਲਵਾਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਹਰਬੰਸ ਲਾਲ, ਗੁਰਮੀਤ ਸਿੰਘ ਪਲਾਹੀ, ਗੁਲਸ਼ਨ ਕਪੂਰ, ਬਿਸ਼ਨ ਕੁਮਾਰ, ਗੁਲਾਬ ਸਿੰਘ ਠਾਕੁਰ, ਐਨ.ਐਸ. ਸੈਣੀ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਰੂਪ ਲਾਲ, ਰਮਨ ਨਹਿਰਾ, ਅਮਰਜੀਤ ਡਾਂਗ, ਤਾਰਾ ਚੰਦ ਚੁੰਬਰ ਆਦਿ ਹਾਜ਼ਰ ਸਨ।