ਵਾਰਡ ਨੰਬਰ 21 ’ਚ ਚਲਾਈ ਸਵੱਛਤਾ ਮੁਹਿੰਮ ਨਗਰ ਨਿਗਮ ਦੇ ਸਹਿਯੋਗ ਨਾਲ ਵਾਰਡ ਨੰਬਰ 21 ’ਚ ਚਲਾਈ ਸਵੱਛਤਾ ਮੁਹਿੰਮ, ਲੋਕਾਂ ਨੇ ਰੋਜ਼ਾਨਾ ਸਫ਼ਾਈ ਦੀ ਰੱਖੀ ਮੰਗ
Publish Date: Sat, 10 Oct 2026 08:12 PM (IST)
Updated Date: Sat, 10 Oct 2026 08:14 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਨਗਰ ਨਿਗਮ ਫਗਵਾੜਾ ਦੀ ਸਫ਼ਾਈ ਸ਼ਾਖਾ ਤੇ ਸਵੱਛ ਭਾਰਤ ਮਿਸ਼ਨ ਵਿਭਾਗ ਦੀ ਪਹਿਲਕਦਮੀ ਤੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਸਫ਼ਾਈ ਸੇਵਕਾਂ ਦੇ ਸਹਿਯੋਗ ਨਾਲ ਵਾਰਡ ਨੰਬਰ 21 ਦੇ ਵੱਖ-ਵੱਖ ਇਲਾਕਿਆਂ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਪ੍ਰੇਮ ਨਗਰ, ਮਾਸਟਰ ਸਾਧੂਰਾਮ ਨਗਰ, ਖੇੜਾ ਰੋਡ ਤੇ ਗੁਰੂ ਨਾਨਕਪੁਰਾ ਦੀਆਂ ਕੁਝ ਗਲੀਆਂ ਵਿੱਚ ਸਫ਼ਾਈ ਕੀਤੀ ਗਈ। ਸਫ਼ਾਈ ਮੁਹਿੰਮ ਦੀ ਅਗਵਾਈ ਸੈਨੇਟਰੀ ਇੰਸਪੈਕਟਰ ਹਿਤੇਸ਼ ਸ਼ਰਮਾ, ਵਿਸ਼ਾਲ ਕੁਮਾਰ, ਸਵੱਛ ਭਾਰਤ ਮਿਸ਼ਨ ਦੇ ਪ੍ਰਚਾਰਕ ਪੂਜਾ ਸ਼ਰਮਾ, ਆਸ਼ਾ ਸ਼ਰਮਾ, ਆਸ਼ਾ ਕੁਮਾਰੀ ਤੇ ਅਨਿਲ ਕੁਮਾਰ ਨੇ ਕੀਤੀ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਤੇ ਸਕੱਤਰ ਸੁਰਿੰਦਰ ਪਾਲ ਨੇ ਵੀ ਪੂਰਾ ਸਹਿਯੋਗ ਦਿੱਤਾ। ਮਲਕੀਅਤ ਸਿੰਘ ਰਘਬੋਤਰਾ ਨੇ ਖ਼ੁਦ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ ਤੇ ਇਲਾਕਾ ਨਿਵਾਸੀਆਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ। ਮੁਹਿੰਮ ਦੌਰਾਨ ਇਲਾਕਾ ਨਿਵਾਸੀਆਂ ਨੇ ਸਫ਼ਾਈ ਪ੍ਰਬੰਧਾਂ ਸਬੰਧੀ ਆਪਣੀਆਂ ਸਮੱਸਿਆਵਾਂ ਤੇ ਸੁਝਾਅ ਸਾਂਝੇ ਕੀਤੇ। ਉਨ੍ਹਾਂ ਮੰਗ ਕੀਤੀ ਕਿ ਖੇੜਾ ਰੋਡ ’ਤੇ ਗਲੀ ਨੰਬਰ 6 ਤੋਂ ਰੇਲਵੇ ਫਾਟਕ ਤੱਕ ਰੋਜ਼ਾਨਾ ਸੁਚਾਰੂ ਸਫ਼ਾਈ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਗੀਤਾ ਭਵਨ ਮੰਦਰ ਦੇ ਪਿੱਛੇ ਸਥਿਤ ਦੋ ਗਲੀਆਂ ਵਿੱਚ ਵੀ ਸਫ਼ਾਈ ਸੇਵਕਾਂ ਦਾ ਪੱਕਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ, ਤਾਂ ਜੋ ਇਲਾਕਾ ਨਿਵਾਸੀਆਂ ਨੂੰ ਸਫ਼ਾਈ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੁਹਿੰਮ ਵਿੱਚ ਸ੍ਰੀ ਮਹਾਵੀਰ ਜੈਨ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਵੱਲੋਂ ‘ਸਵੱਛਤਾ ਹੀ ਸੇਵਾ’ ਰੈਲੀ ਕੱਢੀ ਗਈ, ਜੋ ਗੁਰੂ ਨਾਨਕਪੁਰਾ ਦੀਆਂ ਗਲੀਆਂ ਵਿੱਚੋਂ ਹੁੰਦੀ ਹੋਈ ਵਾਪਸ ਸਕੂਲ ਵਿਖੇ ਸਮਾਪਤ ਹੋਈ। ਇਸ ਦੌਰਾਨ ਵਿਦਿਆਰਥੀਆਂ ਨੇ ਸਫ਼ਾਈ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ ਤੇ ਅਹਿਦ ਲਿਆ ਕਿ ਉਹ ਆਪਣੇ ਘਰਾਂ ਦੇ ਨਾਲ-ਨਾਲ ਗਲੀ-ਮੁਹੱਲੇ ਨੂੰ ਵੀ ਸਾਫ਼-ਸੁਥਰਾ ਰੱਖਣ ਲਈ ਹਰ ਸੰਭਵ ਯਤਨ ਕਰਨਗੇ। ਅਖੀਰ ਵਿੱਚ ਮਲਕੀਅਤ ਸਿੰਘ ਰਘਬੋਤਰਾ ਨੇ ਸਕੂਲ ਦੀ ਪ੍ਰਿੰਸੀਪਲ ਤਾਜਪ੍ਰੀਤ ਕੌਰ ਤੇ ਸਮੂਹ ਸਟਾਫ਼ ਦਾ ਸਫ਼ਾਈ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।