ਬੰਦ ਸੀਵਰੇਜ ਦੀ ਸਫ਼ਾਈ ਸ਼ੁਰੂ, ਈਓ ਖ਼ੁਦ ਮੌਕੇ ’ਤੇ ਪੁੱਜੇ ਮਹੱਲਾ ਮੋਰੀ ਦੇ ਬੰਦ ਸੀਵਰੇਜ ਦੀ ਸਫ਼ਾਈ ਸ਼ੁਰੂ, ਈਓ ਖੁਦ ਮੌਕੇ ’ਤੇ ਪੁੱਜੇ
Publish Date: Wed, 22 Jul 2026 09:45 PM (IST)
Updated Date: Wed, 22 Jul 2026 09:46 PM (IST)
ਗੰਦਗੀ ਸੁੱਟਣ ਵਾਲਿਆਂ ਨੂੰ ਭੇਜੇ ਜਾਣਗੇ ਨੋਟਿਸ, ਜੁਰਮਾਨਾ ਵੀ ਕੀਤਾ ਜਾਵੇਗਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿਛਲੇ ਕਈ ਦਿਨਾਂ ਤੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਮੁਹੱਲਾ ਮੋਰੀ ਵਿੱਚ ਬੰਦ ਪਏ ਸੀਵਰੇਜ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੀਵਰੇਜ ਜਾਮ ਹੋਣ ਨਾਲ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਾ ਰਹਿੰਦਾ ਸੀ, ਜਿਸ ਕਾਰਨ ਇਲਾਕੇ ਵਿੱਚ ਨਰਕ ਵਰਗੇ ਹਾਲਾਤ ਬਣ ਗਏ ਸਨ। ਅਖ਼ਬਾਰਾਂ ਵਿਚ ਖ਼ਬਰਾਂ ਛਪਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (ਈਓ) ਖੁਦ ਮੌਕੇ ’ਤੇ ਪੁੱਜੇ ਅਤੇ ਸਫ਼ਾਈ ਕਾਰਜ ਦਾ ਜਾਇਜ਼ਾ ਲਿਆ। ਨਗਰ ਕੌਂਸਲ ਵੱਲੋਂ ਮਸ਼ੀਨਰੀ ਅਤੇ ਮੁਲਾਜ਼ਮਾਂ ਨੂੰ ਲਗਾ ਕੇ ਬੰਦ ਪਈ ਸੀਵਰੇਜ ਦੀ ਸਫ਼ਾਈ ਸ਼ੁਰੂ ਕਰਵਾਈ ਗਈ। ਈਓ ਨੇ ਮੌਕੇ ’ਤੇ ਰਹਿ ਕੇ ਕੰਮ ਦੀ ਨਿਗਰਾਨੀ ਕੀਤੀ ਅਤੇ ਅਧਿਕਾਰੀਆਂ ਨੂੰ ਸਫ਼ਾਈ ਦਾ ਕੰਮ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਈਓ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਸੀਵਰੇਜ ਵਿੱਚ ਕੂੜਾ-ਕਰਕਟ ਜਾਂ ਹੋਰ ਗੰਦਗੀ ਸੁੱਟ ਕੇ ਇਸ ਨੂੰ ਜਾਮ ਕਰਦੇ ਹਨ, ਉਨ੍ਹਾਂ ਦੀ ਪਛਾਣ ਕਰਕੇ ਨੋਟਿਸ ਜਾਰੀ ਕੀਤੇ ਜਾਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜੁਰਮਾਨੇ ਸਮੇਤ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੀ ਸਫ਼ਾਈ ਬਣਾਈ ਰੱਖਣ ਲਈ ਨਗਰ ਕੌਂਸਲ ਦਾ ਸਹਿਯੋਗ ਕਰਨ। ਉੱਥੇ ਹੀ ਬਲਾਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਪੰਨੂ ਨੇ ਕਿਹਾ ਕਿ ਉਹ ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਮਾਮਲਾ ਲਿਆ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸੀਵਰੇਜ ਦੀ ਸਿਰਫ਼ ਅਸਥਾਈ ਨਹੀਂ, ਸਗੋਂ ਪੱਕੇ ਤੌਰ ਤੇ ਤਕਨੀਕੀ ਹੱਲ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਸੰਭਵ ਹੈ ਸੀਵਰੇਜ ਦੀ ਲੈਵਲ (ਢਲਾਣ) ਠੀਕ ਨਾ ਹੋਣ ਕਾਰਨ ਇਹ ਸਮੱਸਿਆ ਵਾਰ-ਵਾਰ ਪੈਦਾ ਹੁੰਦੀ ਹੈ, ਇਸ ਲਈ ਮੁਹੱਲਾ ਮੋਰੀ ਵਿੱਚ ਸੀਵਰੇਜ ਨੂੰ ਦੁਬਾਰਾ ਵਿਛਾ ਕੇ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਲਾਕਾ ਵਾਸੀਆਂ ਨੂੰ ਭਵਿੱਖ ਵਿੱਚ ਇਸ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਥਾਨਕ ਲੋਕਾਂ ਨੇ ਉਮੀਦ ਜਤਾਈ ਕਿ ਨਗਰ ਕੌਂਸਲ ਇਸ ਸਮੱਸਿਆ ਦਾ ਪੱਕਾ ਹੱਲ ਕਰੇਗੀ ਅਤੇ ਪਵਿੱਤਰ ਸ਼ਹਿਰ ਵਿੱਚ ਸਫ਼ਾਈ ਪ੍ਰਬੰਧ ਹੋਰ ਬਿਹਤਰ ਬਣਾਏ ਜਾਣਗੇ।