ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਬਿੜੇ ਦੋ ਧੜੇ, ਹੰਗਾਮਾ ਕਪੂਰਥਲਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦੋ ਧੜਿਆਂ ਵਿਚਾਲੇ ਝੜਪ, ਹੰਗਾਮਾ
Publish Date: Sat, 05 Sep 2026 07:08 PM (IST)
Updated Date: Sat, 05 Sep 2026 07:10 PM (IST)
--ਤੇਜ਼ਧਾਰ ਹਥਿਆਰ ਲੈ ਕੇ ਹਸਪਤਾਲ ਪਹੁੰਚਣ ਦਾ ਦੋਸ਼ --ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੰਭਾਲੀ ਸਥਿਤੀ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦੇਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਲਾਜ ਕਰਵਾਉਣ ਲਈ ਪਹੁੰਚੇ ਦੋ ਧੜਿਆਂ ਦੇ ਲੋਕਾਂ ਵਿਚਕਾਰ ਕਥਿਤ ਤੌਰ ਤੇ ਹਿੰਸਕ ਝੜਪ ਹੋ ਗਈ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਡਿਊਟੀ ਡਾਕਟਰ ਨੂੰ ਤੁਰੰਤ ਪੁਲਿਸ ਨੂੰ ਸੂਚਨਾ ਦੇਣੀ ਪਈ। ਘਟਨਾ ਤੋਂ ਬਾਅਦ ਐਮਰਜੈਂਸੀ ਵਾਰਡ ਵਿੱਚ ਥਾਂ-ਥਾਂ ਖਿੱਲਰਿਆ ਖੂਨ ਪੂਰੇ ਘਟਨਾਕ੍ਰਮ ਦੀ ਗੰਭੀਰਤਾ ਬਿਆਨ ਕਰ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਪਿੰਡ ਬੂਟ ਵਿੱਚ ਕਿਸੇ ਗੱਲ ਨੂੰ ਲੈ ਕੇ ਦੋ ਧੜਿਆਂ ਵਿਚਕਾਰ ਝੜਪ ਹੋ ਗਈ ਸੀ। ਇਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਕਪੂਰਥਲਾ ਸਿਵਲ ਹਸਪਤਾਲ ਲਿਆਂਦਾ ਗਿਆ। ਡਿਊਟੀ ਡਾਕਟਰਾਂ ਦੀ ਟੀਮ ਜ਼ਖ਼ਮੀਆਂ ਦਾ ਇਲਾਜ ਕਰ ਰਹੀ ਸੀ ਕਿ ਦੂਜੇ ਧੜੇ ਦੇ ਕੁਝ ਲੋਕ ਕਥਿਤ ਤੌਰ ਤੇ ਤੇਜ਼ਧਾਰ ਹਥਿਆਰ ਲੈ ਕੇ ਹਸਪਤਾਲ ਪਹੁੰਚ ਗਏ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਐਮਰਜੈਂਸੀ ਵਾਰਡ ਦੇ ਮਿੰਨੀ ਓਟੀ ਵਿੱਚ ਦੋਵੇਂ ਧਿਰਾਂ ਵਿਚਕਾਰ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਤੇ ਝੜਪ ਹੋਣ ਦੀ ਨੌਬਤ ਆ ਗਈ। ਹਾਲਾਤ ਵਿਗੜਦੇ ਦੇਖ ਡਿਊਟੀ ਡਾਕਟਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੀਸੀਆਰ ਟੀਮ ਦੇ ਨਾਲ ਡੀਐੱਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਪੁਲਿਸ ਬਲ ਸਮੇਤ ਮੌਕੇ ਤੇ ਪਹੁੰਚੇ ਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਡਿਊਟੀ ਡਾਕਟਰ ਸਾਹਿਲ ਗਰਗ ਦੇ ਅਨੁਸਾਰ ਘਟਨਾ ਵਿੱਚ ਕਰੀਬ ਅੱਠ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ। ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ। ਉੱਧਰ ਡੀਐੱਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਪਿੰਡ ਬੂਟ ਵਿੱਚ ਦੋ ਧੜਿਆਂ ਵਿਚਕਾਰ ਝੜਪ ਹੋਈ ਸੀ। ਇਸ ਤੋਂ ਬਾਅਦ ਦੋਵੇਂ ਧਿਰਾਂ ਦੇ ਜ਼ਖ਼ਮੀ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ ਸਨ, ਜਿੱਥੇ ਮੁੜ ਝੜਪ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ। ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਲਿਆ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੇ ਆਧਾਰ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।