ਪਰਾਲੀ ਸਾੜਨ ਤੋਂ ਰੋਕਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਦਿਨ-ਰਾਤ ਜੁਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਦਿਨ-ਰਾਤ ਜੁਟੀਆਂ
Publish Date: Sun, 01 Nov 2026 08:28 PM (IST)
Updated Date: Sun, 01 Nov 2026 08:29 PM (IST)
ਐੱਸਡੀਐੱਮ ਜਸਜੀਤ ਸਿੰਘ ਤੇ ਏਐੱਸਪੀ ਧੀਰੇਂਦਰ ਵਰਮਾ ਨੇ ਟੀਮਾਂ ਸਮੇਤ ਪਿੰਡਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਨੂੰ ਪਰਾਲੀ ਸਾੜਨ ਦੀ ਸਮੱਸਿਆ ਤੋਂ ਮੁਕਤ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਜਾਰੀ ਰੱਖੀ ਗਈ। ਇਸ ਦੌਰਾਨ ਪ੍ਰਸ਼ਾਸਨ ਦੀਆਂ ਟੀਮਾਂ ਦਿਨ-ਰਾਤ ਖੇਤਰੀ ਪੱਧਰ ਤੇ ਕੰਮ ਕਰਦੀਆਂ ਰਹੀਆਂ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਐੱਸਡੀਐੱਮ ਜਸਜੀਤ ਸਿੰਘ ਤੇ ਏਸੀਪੀ ਧੀਰੇਂਦਰ ਵਰਮਾ ਨੇ ਕਲੱਸਟਰ ਤੇ ਨੋਡਲ ਅਫ਼ਸਰਾਂ ਦੀਆਂ ਟੀਮਾਂ ਸਮੇਤ ਪੂਰਾ ਦਿਨ ਖੇਤਾਂ ਤੇ ਪਿੰਡਾਂ ਵਿੱਚ ਰਹਿ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਇਹ ਯਕੀਨੀ ਬਣਾਇਆ ਕਿ ਪਰਾਲੀ ਸਾੜਨ ਦੀ ਕੋਈ ਵੀ ਘਟਨਾ ਪ੍ਰਸ਼ਾਸਨ ਦੀ ਨਜ਼ਰ ਤੋਂ ਬਚ ਨਾ ਸਕੇ। ਅੱਜ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਤਹਿਤ ਕੋਠੇ ਚੰਚਲ ਸਿੰਘ, ਤਕੀਆ, ਹਜ਼ਾਰਾ, ਫਰੀਦ ਸਰਾਏ, ਸੁਚੇਤਗੜ੍ਹ, ਨੂਰੋਵਾਲ, ਜੱਬੋਵਾਲ, ਝੁੱਗੀਆਂ ਗਾਮੂ, ਮੰਡ ਹੁਸੈਨਪੁਰ, ਪੱਸਣ ਕਦੀਮ, ਮੁੱਲਾਂ ਬਾਹਾ, ਵਾਟਾਂ ਵਾਲੀ, ਭੈਣੀ ਬਹਾਦਰ, ਰਾਮਗੜ੍ਹ ਤੇ ਗੁੱਦਾ ਸਮੇਤ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਬਹੁਪੱਖੀ ਰਣਨੀਤੀ ਅਪਣਾਈ ਜਾ ਰਹੀ ਹੈ, ਜਿਸ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ, ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਮਸ਼ੀਨਰੀ ਦੀ ਉਪਲਬਧਤਾ, ਖੇਤਾਂ ਦੀ ਨਿਯਮਤ ਜਾਂਚ ਤੇ ਘਟਨਾਵਾਂ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਮੁਹਿੰਮ ਦੌਰਾਨ ਅਧਿਕਾਰੀਆਂ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ, ਹਵਾ ਦੀ ਗੁਣਵੱਤਾ ਤੇ ਲੋਕਾਂ ਦੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਸਾਨਾਂ ਵੱਲੋਂ ਵਰਤੀਆਂ ਜਾ ਰਹੀਆਂ ਬੇਲਰ ਮਸ਼ੀਨਾਂ ਦਾ ਵੀ ਜਾਇਜ਼ਾ ਲਿਆ ਤੇ ਹੋਰਨਾਂ ਕਿਸਾਨਾਂ ਨੂੰ ਵੀ ਅਜਿਹੀ ਮਸ਼ੀਨਰੀ ਦੀ ਵਰਤੋਂ ਕਰਨ ਤੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਲਈ ਪ੍ਰੇਰਿਤ ਕੀਤਾ। ਖੇਤਰੀ ਨਿਰੀਖਣ ਦੌਰਾਨ ਤੁਰੰਤ ਕਾਰਵਾਈ ਕਰਦਿਆਂ ਅਧਿਕਾਰੀਆਂ ਤੇ ਉਨ੍ਹਾਂ ਦੀ ਟੀਮ ਨੇ ਇੱਕ ਖੇਤ ਵਿੱਚ ਲੱਗੀ ਅੱਗ ਨੂੰ ਮੌਕੇ ਤੇ ਪਹੁੰਚ ਕੇ ਬੁਝਾਇਆ। ਇਸ ਕਾਰਵਾਈ ਰਾਹੀਂ ਪ੍ਰਸ਼ਾਸਨ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਤੇ ਅਜਿਹੀਆਂ ਸਥਿਤੀਆਂ ਨਾਲ ਤੁਰੰਤ ਨਜਿੱਠਣ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਐੱਸਡੀਐੱਮ ਤੇ ਏਸੀਪੀ ਨੇ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਛੁੱਟੀਆਂ ਸਮੇਤ ਹਰ ਰੋਜ਼ ਖੇਤਰੀ ਦੌਰੇ, ਜਾਗਰੂਕਤਾ ਗਤੀਵਿਧੀਆਂ ਤੇ ਨਿਗਰਾਨੀ ਲਗਾਤਾਰ ਜਾਰੀ ਰੱਖੀ ਜਾਵੇਗੀ। ਇਸ ਮੌਕੇ ਏਆਰ ਮਨਮੀਤ ਸਿੰਘ, ਏਡੀਓ ਜਸਪਾਲ ਸਿੰਘ, ਏਈਓ ਪਰਮਿੰਦਰ ਕੁਮਾਰ, ਰੀਡਰ ਜਗਦੀਸ਼ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।