ਸ਼ੇਖੂਪੁਰ ਵਿਖੇ ਚਰਚ ਦੀ ਉਸਾਰੀ ਨੂੰ ਰੋਕਣ ਦੀ ਕੀਤੀ ਨਿਖੇਧੀ ਸ਼ੇਖੂਪੁਰ ਵਿਖੇ ਚਰਚ ਦੀ ਉਸਾਰੀ ਨੂੰ ਰੋਕਣ ਦੀ ਚਰਚ ਬਚਾਓ ਮੋਰਚਾ ਵੱਲੋਂ ਨਿਖੇਧੀ
Publish Date: Fri, 25 Sep 2026 09:29 PM (IST)
Updated Date: Fri, 25 Sep 2026 09:30 PM (IST)
--ਧਾਰਮਿਕ ਆਜ਼ਾਦੀ ਹਰ ਭਾਰਤੀ ਦਾ ਸੰਵਿਧਾਨਕ ਅਧਿਕਾਰ, ਇਸ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਅਟਵਾਲ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਅੰਦਰ ਪੈਂਦੇ ਸ਼ੇਖੂਪੁਰ ਵਿਖੇ ਚਰਚ ਇਮਾਰਤ ਦੀ ਚੱਲ ਰਹੀ ਉਸਾਰੀ ਨੂੰ ਰੋਕਣ ਲਈ ਨਗਰ ਕੌਂਸਲ ਕਪੂਰਥਲਾ ਵੱਲੋਂ ਜਾਰੀ ਕੀਤੇ ਗਏ ਨੋਟਿਸ ਤੇ ਚਰਚ ਬਚਾਓ ਮੋਰਚਾ ਦੇ ਮੋਢੀ ਤੇ ਸਮਾਜਿਕ ਕਾਰਜਕਰਤਾ ਜੋਗਾ ਸਿੰਘ ਅਟਵਾਲ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਮਾਮਲਿਆਂ ਵਿੱਚ ਸਰਕਾਰੀ ਦਖਲ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਟਵਾਲ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਤਿਆਰ ਕੀਤੇ ਗਏ ਭਾਰਤੀ ਸੰਵਿਧਾਨ ਦੀ ਧਾਰਾ 25 ਹਰੇਕ ਨਾਗਰਿਕ ਨੂੰ ਆਪਣੀ ਆਸਥਾ ਅਨੁਸਾਰ ਧਰਮ ਮੰਨਣ, ਉਸ ਦਾ ਪਾਲਣ ਕਰਨ ਤੇ ਪ੍ਰਚਾਰ ਕਰਨ ਦੀ ਆਜ਼ਾਦੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਧਾਰਮਿਕ ਭਾਈਚਾਰੇ ਨਾਲ ਬਿਨਾਂ ਕਿਸੇ ਜਾਇਜ਼ ਕਾਰਨ ਦੇ ਵਿਤਕਰਾ ਕਰਨਾ ਸੰਵਿਧਾਨਕ ਕਦਰਾਂ-ਕੀਮਤਾਂ ਦੇ ਵਿਰੁੱਧ ਹੈ। ਉਨ੍ਹਾਂ ਨਗਰ ਕੌਂਸਲ ਕਪੂਰਥਲਾ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਚਰਚ ਦੀ ਉਸਾਰੀ ਸਬੰਧੀ ਜਾਰੀ ਨੋਟਿਸ ਦੇ ਕਾਰਨ ਜਨਤਕ ਕੀਤੇ ਜਾਣ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਵੱਲੋਂ ਨੋਟਿਸ ਵਾਪਸ ਨਾ ਲਿਆ ਗਿਆ ਤੇ ਮਾਮਲੇ ਦਾ ਤਸੱਲੀਬਖ਼ਸ਼ ਹੱਲ ਨਾ ਕੱਢਿਆ ਗਿਆ ਤਾਂ ਚਰਚ ਬਚਾਓ ਮੋਰਚਾ ਸੰਵਿਧਾਨਕ ਤੇ ਕਾਨੂੰਨੀ ਢੰਗ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਚਰਚ ਪ੍ਰਬੰਧਕਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ ਤੇ ਨੋਟਿਸ ਦੀ ਕਾਨੂੰਨੀ ਆਧਾਰ ਤੇ ਸਮੀਖਿਆ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡੇਨੀਅਲ ਗਿੱਲ, ਜਰਨਲ ਸਕੱਤਰ ਰਾਜ ਕਲਿਆਣ ਲੁਕਾਸ, ਅਰੁਨਵੀਰ ਅਟਵਾਲ, ਨਵਦੀਪ, ਵਿਜੇ ਗਿੱਲ, ਮਨਦੀਪ ਸਿੰਘ, ਵਿਕਾਸ ਕੁਮਾਰ ਆਦਿ ਹਾਜ਼ਰ ਸਨ।