ਗੁਰਬਾਣੀ ਕੰਠ ਮੁਕਾਬਲਿਆਂ ਦੇ ਜੇਤੂ ਬੱਚੇ ਸਨਮਾਨਿਤ ਗੁਰਬਾਣੀ ਕੰਠ ਮੁਕਾਬਲਿਆਂ ’ਚੋਂ ਚੰਗੇਰੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚੇ ਸਨਮਾਨਿਤ
Publish Date: Sun, 25 Oct 2026 07:55 PM (IST)
Updated Date: Sun, 25 Oct 2026 07:58 PM (IST)
ਬੱਚਿਆਂ ਨੂੰ ਧਾਰਮਿਕ ਗੁਣਾਂ ਦੀ ਸਿੱਖਿਆ ਦੇਣਾ ਅਜੋਕੇ ਸਮੇਂ ਦੀ ਮੁੱਖ ਲੋੜ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਪੂਰਥਲਾ ਦੀ ਇੰਚਾਰਜ ਬੀਬੀ ਦਵਿੰਦਰ ਕੌਰ ਸਾਹਨੀ ਤੇ ਭਾਈ ਸਤਨਾਮ ਸਿੰਘ ਹੈੱਡ ਗ੍ਰੰਥੀ ਦੇ ਉਪਰਾਲਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿਛਲੇ ਕੁੱਝ ਦਿਨਾਂ ਤੋਂ ਵੱਖ-ਵੱਖ ਵਰਗਾਂ ਦੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਸਨ। ਉਨ੍ਹਾਂ ਵਿਚੋਂ ਵੱਖ-ਵੱਖ ਗਰੁੱਪਾਂ ਵਿਚੋਂ ਚੰਗੇਰੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਟੇਟ ਗੁਰਦੁਆਰਾ ਸਾਹਿਬ ਵਿਖੇ ਐਲਾਨੇ ਗਏ ਨਤੀਜਿਆਂ ਉਪਰੰਤ ਸਨਮਾਨਿਤ ਕੀਤਾ ਗਿਆ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਦਵਿੰਦਰ ਕੌਰ ਸਾਹਨੀ ਨੇ ਦੱਸਿਆ ਕਿ 3 ਸਾਲ ਤੋਂ 8, 9 ਤੋਂ 12 ਤੇ 13 ਤੋਂ 18 ਸਾਲ ਤੱਕ ਉਮਰ ਦੇ ਬੱਚਿਆਂ ਨੇ ਗੁਰਬਾਣੀ ਕੰਠ ਮੁਕਾਬਲਿਆਂ ਵਿੱਚ ਸ੍ਰੀ ਸੁਖਮਨੀ ਸਾਹਿਬ, ਸ੍ਰੀ ਚੌਪਈ ਸਾਹਿਬ, ਜਾਪੁ ਸਾਹਿਬ, ਨੌਵੇਂ ਮਹੱਲੇ ਦੇ ਸਲੋਕ ਤੇ ਸ੍ਰੀ ਜਪੁਜੀ ਸਾਹਿਬ ਆਦਿ ਬਾਣੀਆਂ ਨੂੰ ਸ੍ਰਵਣ ਕਰਵਾਇਆ ਤੇ ਗੁਰਬਾਣੀ ਪ੍ਰਤੀ ਪਿਆਰ ਨੂੰ ਹੋਰ ਪਕੇਰਾ ਕੀਤਾ ਹੈ। ਭਾਈ ਸਤਨਾਮ ਸਿੰਘ ਹੈੱਡ ਗ੍ਰੰਥੀ ਨੇ ਕਿਹਾ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਧਾਰਮਿਕ ਗੁਣਾਂ ਦੇ ਧਾਰਨੀ ਵੀ ਬਣਾਉਣ ਤਾਂ ਕਿ ਉਨ੍ਹਾਂ ਦਾ ਬੱਚਾ ਗੁਰੂ ਪਾਤਸ਼ਾਹਾਂ, ਮਹਾਂਪੁਰਸ਼ਾਂ, ਸਿੰਘਾਂ-ਸਿੰਘਣੀਆਂ ਦੇ ਜੀਵਨ ਤੇ ਉਪਦੇਸ਼ਾਂ ਤੋਂ ਪ੍ਰੇਰਨਾ ਲੈ ਕੇ ਸਾਰਥਕ ਜੀਵਨ ਜਿਉਣ ਦੀ ਸਿੱਖਿਆ ਪ੍ਰਾਪਤ ਜ਼ਰੂਰ ਕਰੇ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਦਿਆ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਬੱਚਿਆਂ ਨੂੰ ਬੇਲੋੜੀ ਸੋਸ਼ਲ ਮੀਡੀਆ ਤੋਂ ਵਰਜਿਤ ਹੋ ਕੇ ਗੁਰਬਾਣੀ-ਸਿਮਰਨ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਤੇ ਭਾਈ ਸਤਨਾਮ ਸਿੰਘ ਹੈੱਡ ਗ੍ਰੰਥੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਸਮੂਹ ਧਾਰਮਿਕ ਜਥੇਬੰਦੀਆਂ ਨੂੰ ਇਹੋ ਜਿਹੇ ਉਪਰਾਲਿਆਂ ਪ੍ਰਤੀ ਹਮੇਸ਼ਾ ਤਤਪਰ ਰਹਿਣ ਲਈ ਕਿਹਾ। ਇਸ ਮੌਕੇ ਬੀਬੀ ਦਵਿੰਦਰ ਕੌਰ ਸਾਹਨੀ, ਪੁਸ਼ਪਿੰਦਰ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਸੰਤੋਸ਼ ਕੌਰ, ਬਲਵਿੰਦਰ ਕੌਰ, ਯਾਦਵਿੰਦਰ ਸਿੰਘ, ਸਵਰਨ ਸਿੰਘ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਇੰਚਾਰਜ ਭਾਈ ਮੋਹਕਮ ਸਿੰਘ, ਇੰਚਾਰਜ ਭਾਈ ਕੁਲਵਿੰਦਰ ਸਿੰਘ, ਗ੍ਰੰਥੀ ਭਾਈ ਸ਼ੇਰ ਸਿੰਘ, ਭਾਈ ਹਰਜੀਤ ਸਿੰਘ ਭਾਟੀਆ, ਚਰਨਜੀਤ ਸਿੰਘ ਵਾਲੀਆ, ਪਰਮਜੀਤ ਸਿੰਘ ਸੇਖੂਪੁਰ, ਸੁਖਜੀਤ ਸਿੰਘ ਬਾਂਸਲ, ਧੰਨਪ੍ਰੀਤ ਸਿੰਘ ਭਾਟੀਆ ਸਮੇਤ ਸਮੂਹ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਤੇ ਸੰਗਤਾਂ ਹਾਜ਼ਰ ਸਨ।