ਗੁਰਬਾਣੀ ਦੀ ਸਿੱਖਣ ਵਾਲੇ ਬੱਚਿਆਂ ਤੇ ਬੀਬੀਆਂ ਨੂੰ ਕੀਤਾ ਸਨਮਾਨਿਤ ਮਾਧੋਪੁਰ ਵਿਖੇ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਬਾਣੀ ਦੀ ਸਿਖਲਾਈ ਲੈਣ ਵਾਲੇ ਬੱਚਿਆਂ ਤੇ ਬੀਬੀਆਂ ਨੂੰ ਕੀਤਾ ਸਨਮਾਨਿਤ
Publish Date: Tue, 24 Nov 2026 07:09 PM (IST)
Updated Date: Tue, 24 Nov 2026 07:10 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਮਾਧੋਪੁਰ ਵਿਖੇ ਗੁਰਦੁਆਰਾ ਬਾਬਾ ਜੋਗੀ ਪੀਰ ਜੀ ਦੇ ਅਸਥਾਨਾਂ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਵਿਸ਼ਾਲ ਦੀਵਾਨਾਂ ਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਮਨਜਿੰਦਰ ਸਿੰਘ ਦੇ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਉਪਰੰਤ ਪੰਥ ਦੇ ਮਹਾਨ ਵਿਦਵਾਨ ਤੇ ਕਥਾਵਾਚਕ ਭਾਈ ਹਰਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਵਾਲਿਆਂ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਸਬੰਧੀ ਵਿਚਾਰਾਂ ਕਰਦਿਆ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਤੋਂ ਸੇਧ ਲੈਣ ਤੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਗੱਲ ਕਹੀ ਗਈ। ਇਸ ਮੌਕੇ ਗੁਰਦੁਆਰਾ ਬਾਬਾ ਕਾਹਨ ਦਾਸ ਜੀ ਕਾਲ਼ਾ ਸੰਘਿਆਂ ਵਿਖੇ ਬੱਚਿਆਂ ਨੂੰ ਬਾਣੀ ਸੰਥਿਆ ਕਰਵਾਉਣ ਵਾਲੇ ਸਿੰਘ ਭਾਈ ਗੁਰਦਾਵਰ ਸਿੰਘ ਖ਼ਾਲਸਾ ਵੱਲੋਂ ਹਾਜ਼ਰ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ਼ ਜੋੜਨਾ ਚਾਹੀਦਾ ਹੈ ਤਾਂ ਕਿ ਬੱਚੇ ਸਮਾਜਿਕ ਕੁਰੀਤੀਆਂ ਤੋਂ ਬਚ ਸਕਣ। ਸਮਾਗਮ ਦੌਰਾਨ ਗੁਰਬਾਣੀ ਦੀ ਸਿਖਲਾਈ ਲੈ ਰਹੇ ਬੱਚਿਆਂ ਤੇ ਬੀਬੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਬਲਵੀਰ ਸਿੰਘ, ਗੁਰਦਿਆਲ ਸਿੰਘ, ਲਹਿੰਬਰ ਸਿੰਘ, ਰਾਗੀ ਭਾਈ ਗੁਰਦੇਵ ਸਿੰਘ, ਜਸਵੀਰ ਸਿੰਘ, ਸੂਬਾ ਸਿੰਘ, ਸਰਬਣ ਸਿੰਘ ਸੰਘਾ ਸਮੇਤ ਹੋਰ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।