ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ 4 ਦਸੰਬਰ ਨੂੰ ਕਪੂਰਥਲਾ ਸ਼ਹਿਰ ਅਤੇ 5 ਦਸੰਬਰ ਨੂੰ ਪਿੰਡ ਇਬਰਾਹੀਮਵਾਲ ਵਿਖੇ ਕਰਨਗੇ ਲੋਕ-ਮਿਲਣੀ
Publish Date: Sat, 28 Nov 2026 06:27 PM (IST)
Updated Date: Sat, 28 Nov 2026 06:28 PM (IST)
4 ਨੂੰ ਕਪੂਰਥਲਾ ਸ਼ਹਿਰ ਤੇ 5 ਨੂੰ ਪਿੰਡ ਇਬਰਾਹੀਮਵਾਲ ਵਿਖੇ ਹੋਵੇਗੀ ਲੋਕ-ਮਿਲਣੀ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਵੱਲੋਂ ਪ੍ਰਸਤਾਵਿਤ ਸਥਾਨਾਂ ਦਾ ਦੌਰਾ ਅੰਮ੍ਰਿਤਪਾਲ ਬਾਜਵਾ ਪੰਜਾਬੀ ਜਾਗਰਣ ਬੇਗੋਵਾਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਲਈ 4 ਦਸੰਬਰ ਨੂੰ ਕਪੂਰਥਲਾ ਸ਼ਹਿਰ ਤੇ 5 ਦਸੰਬਰ ਨੂੰ ਨਡਾਲਾ-ਬੇਗੋਵਾਲ ਸੜਕ ’ਤੇ ਸਥਿਤ ਪਿੰਡ ਇਬਰਾਹੀਮਵਾਲ ਵਿਖੇ ਲੋਕ-ਮਿਲਣੀ ਪ੍ਰੋਗਰਾਮ ਕਰਵਾਏ ਜਾਣਗੇ। ਮੁੱਖ ਮੰਤਰੀ ਦੇ ਪ੍ਰਸਤਾਵਿਤ ਦੌਰਿਆਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਤੇ ਸੀਨੀਅਰ ਪੁਲਿਸ ਕਪਤਾਨ ਗੌਰਵ ਤੂਰਾ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜੂ, ਹਲਕਾ ਇੰਚਾਰਜ ਦਵਿੰਦਰ ਪਾਲ ਸਿੰਘ ਰੰਗਾ, ਚੇਅਰਮੈਨ ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ ਤੇ ਹੋਰ ਆਗੂਆਂ ਨਾਲ ਸ਼ਨੀਵਾਰ ਨੂੰ ਪ੍ਰਸਤਾਵਿਤ ਸਮਾਗਮ ਸਥਾਨਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਦੋਵੇਂ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਬੈਠਣ ਦੇ ਪ੍ਰਬੰਧ, ਆਵਾਜਾਈ ਦੇ ਸੁਚਾਰੂ ਸੰਚਾਲਨ, ਸੁਰੱਖਿਆ ਪ੍ਰਬੰਧਾਂ, ਪਾਰਕਿੰਗ ਸਹੂਲਤਾਂ ਤੇ ਹੋਰ ਜ਼ਰੂਰੀ ਇੰਤਜ਼ਾਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਦੋਵੇਂ ਸਮਾਗਮਾਂ ਲਈ ਅਗਾਊਂ ਹੀ ਵਿਆਪਕ ਤੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਜ਼ੋਰ ਦਿੱਤਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਲੋਕ-ਮਿਲਣੀ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਆਮ ਲੋਕਾਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਦੋਵੇਂ ਸਮਾਗਮਾਂ ਨੂੰ ਸੁਚਾਰੂ ਤੇ ਬਿਨਾਂ ਕਿਸੇ ਅੜਚਣ ਦੇ ਨੇਪਰੇ ਚਾੜ੍ਹਿਆ ਜਾਵੇ।