ਥਾਪਰ ਕਲੋਨੀ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਛੱਠ ਪੂਜਾ ਥਾਪਰ ਕਲੋਨੀ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਛੱਠ ਪੂਜਾ,
Publish Date: Sun, 15 Nov 2026 09:26 PM (IST)
Updated Date: Sun, 15 Nov 2026 09:27 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਲੋਕ ਆਸਥਾ, ਸ਼ਰਧਾ ਤੇ ਸੂਰਜ ਉਪਾਸਨਾ ਦੇ ਮਹਾਨ ਤਿਉਹਾਰ ਛੱਠ ਪੂਜਾ ਦੇ ਤੀਜੇ ਦਿਨ 15 ਨਵੰਬਰ ਨੂੰ ਫਗਵਾੜਾ ਦੀ ਥਾਪਰ ਕਲੋਨੀ ਵਿੱਚ ਛੱਠ ਮਹਾਪਰਵ ਬੜੀ ਧੂਮਧਾਮ, ਉਤਸ਼ਾਹ ਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਛੱਠ ਪੂਜਾ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਪੂਜਾ ਸਥਾਨ ਤੇ ਸਥਿਤ ਛੱਪੜ ਦੀ ਵਿਸ਼ੇਸ਼ ਸਫ਼ਾਈ ਕਰਵਾਉਣ ਦੇ ਨਾਲ-ਨਾਲ ਸਾਫ਼ ਪਾਣੀ, ਰੌਸ਼ਨੀ ਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਵਟ ਦਾ ਪ੍ਰਬੰਧ ਕੀਤਾ ਗਿਆ ਸੀ। ਪੂਰੇ ਇਲਾਕੇ ਵਿੱਚ ਭਗਤੀਮਈ ਮਾਹੌਲ ਬਣਿਆ ਹੋਇਆ ਸੀ ਤੇ ਛੱਠੀ ਮਈਆ ਦੇ ਜੈਕਾਰਿਆਂ ਨਾਲ ਵਾਤਾਵਰਨ ਗੂੰਜ ਉੱਠਿਆ। ਇਸ ਧਾਰਮਿਕ ਸਮਾਗਮ ਵਿੱਚ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਛਠੀ ਮਈਆ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਸ਼ਰਧਾਲੂਆਂ ਨੂੰ ਛੱਠ ਪੂਜਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪੰਜਾਬ ਇੰਟਕ ਦੇ ਉਪ ਪ੍ਰਧਾਨ ਸੁਨੀਲ ਕੁਮਾਰ ਪਾਂਡੇ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦੌਰਾਨ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਰਧਾਲੂਆਂ ਨੇ ਭਰਪੂਰ ਸ਼ਲਾਘਾ ਕੀਤੀ। ਛੱਠ ਪੂਜਾ ਨੇ ਇੱਕ ਵਾਰ ਫਿਰ ਧਾਰਮਿਕ ਆਸਥਾ, ਸਮਾਜਿਕ ਏਕਤਾ, ਪਰਿਵਾਰਕ ਪਰੰਪਰਾਵਾਂ ਤੇ ਆਪਸੀ ਭਾਈਚਾਰੇ ਦਾ ਸੁੰਦਰ ਸੰਦੇਸ਼ ਦਿੱਤਾ। ਛੱਠ ਪੂਜਾ ਦੇ ਮੌਕੇ ਵਰਤ ਰੱਖਣ ਵਾਲੀਆਂ ਮਾਤਾਵਾਂ ਤੇ ਭੈਣਾਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਸਖ਼ਤ ਨਿਰਜਲਾ ਵਰਤ ਰੱਖਿਆ। ਵਰਤਧਾਰੀ ਔਰਤਾਂ ਨੇ ਲਗਾਤਾਰ 24 ਘੰਟੇ ਜਾਂ ਇਸ ਤੋਂ ਵੱਧ ਸਮੇਂ ਤੱਕ ਅੰਨ-ਜਲ ਗ੍ਰਹਿਣ ਕੀਤੇ ਬਿਨਾਂ ਛਠੀ ਮਈਆ ਦੀ ਆਰਾਧਨਾ ਕੀਤੀ। ਸ਼ਰਧਾਲੂ ਆਪਣੇ ਪਰਿਵਾਰਾਂ ਸਮੇਤ ਨਵੇਂ ਕੱਪੜੇ ਪਹਿਨ ਕੇ ਪੂਜਾ ਸਥਾਨ ਤੇ ਪਹੁੰਚੇ। ਉਨ੍ਹਾਂ ਦੇ ਹੱਥਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲ, ਮਠਿਆਈਆਂ, ਰਵਾਇਤੀ ਪਕਵਾਨ ਤੇ ਪੂਜਾ ਸਮੱਗਰੀ ਨਾਲ ਭਰੇ ਸੂਪ ਤੇ ਡਾਲੇ ਸਨ। ਸ਼ਾਮ ਸਮੇਂ ਜਿਵੇਂ ਹੀ ਸੂਰਜ ਡੁੱਬਣ ਦਾ ਸਮਾਂ ਨੇੜੇ ਆਇਆ, ਵੱਡੀ ਗਿਣਤੀ ਵਿੱਚ ਸ਼ਰਧਾਲੂ ਛੱਪੜ ਵਿੱਚ ਖੜ੍ਹੇ ਹੋ ਕੇ ਡੁੱਬਦੇ ਸੂਰਜ ਦੇਵਤਾ ਨੂੰ ਵਿਧੀ-ਵਿਧਾਨ ਨਾਲ ਅਰਘ ਦੇਣ ਲਈ ਇਕੱਠੇ ਹੋਏ। ਇਸ ਦੌਰਾਨ ਔਰਤਾਂ ਨੇ ਰਵਾਇਤੀ ਛੱਠ ਗੀਤ ਗਾ ਕੇ ਸੂਰਜ ਦੇਵਤਾ ਤੇ ਛਠੀ ਮਈਆ ਦੀ ਮਹਿਮਾ ਦਾ ਗੁਣਗਾਨ ਕੀਤਾ। ਅਰਘ ਦੇਣ ਤੋਂ ਬਾਅਦ ਸ਼ਰਧਾਲੂ ਆਪਣੇ ਘਰਾਂ ਵਿੱਚ ਪਹੁੰਚੇ, ਜਿੱਥੇ ਪੂਜਾ ਲਈ ਵਿਸ਼ੇਸ਼ ਤੌਰ ਤੇ ਵੇਦੀ ਸਜਾਈ ਗਈ ਸੀ। ਉੱਥੇ 12 ਤੇ 24 ਦੀਵੇ ਜਗਾ ਕੇ ਵੱਖ-ਵੱਖ ਤਰ੍ਹਾਂ ਦੇ ਫਲ, ਮਠਿਆਈਆਂ ਤੇ ਰਵਾਇਤੀ ਪਕਵਾਨ ਚੜ੍ਹਾਏ ਗਏ। ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਛੱਠੀ ਮਈਆ ਦੀ ਪੂਜਾ-ਅਰਚਨਾ ਕੀਤੀ ਤੇ ਰਵਾਇਤੀ ਗੀਤ ਗਾ ਕੇ ਪਰਿਵਾਰ ਦੀ ਸੁੱਖ-ਸਮ੍ਰਿੱਧੀ, ਖੁਸ਼ਹਾਲੀ ਤੇ ਬੱਚਿਆਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਪੰਜਾਬ ਇੰਟਕ ਦੇ ਉਪ ਪ੍ਰਧਾਨ ਸੁਨੀਲ ਕੁਮਾਰ ਪਾਂਡੇ, ਨਰੇਸ਼ ਭਾਰਦਵਾਜ, ਬੰਟੀ ਵਾਲੀਆ, ਸੁਰਜੀਤ ਕੁਮਾਰ, ਸ਼ਰਧਾਨੰਦ, ਆਕਾਸ਼ ਪਾਂਡੇ, ਬਸੰਤੀ ਪਾਂਡੇ, ਜੋਤੀ, ਮੰਜੂ, ਅਜੈ ਯਾਦਵ, ਗਾਮਾ ਗੁਪਤਾ, ਰਾਜੂ ਪਾਂਡੇ, ਚੰਦਨ ਪਾਂਡੇ, ਵਿਸ਼ਨੂੰ ਸਮਰਥ, ਕਾਰਤਿਕ, ਰਾਜੂ ਤਿਵਾੜੀ, ਮਨੋਜ ਸਿੰਘ ਸਮੇਤ ਥਾਪਰ ਕਲੋਨੀ ਦੇ ਵੱਡੀ ਗਿਣਤੀ ਵਿੱਚ ਵਸਨੀਕ ਤੇ ਸ਼ਰਧਾਲੂ ਹਾਜ਼ਰ ਸਨ।