- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੱਠ ਪੂਜਾ ਅੱਜ ਤੋਂ ਹੋਈ ਸ਼ੁਰੂ,ਬਾਜ਼ਾਰਾਂ ਵਿੱਚ ਲੱਗੀ ਰੌਣਕ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਹਰ ਸਾਲ ਦੀਵਾਲੀ ਤੋਂ ਛੇਵੇਂ ਦਿਨ ਸ਼ੁਰੂ ਹੋਣ ਵਾਲਾ ਛੱਠ ਵਰਤ ਇਸ ਸਾਲ ਮਿਤੀ 13 ਨਵੰਬਰ ਦਿਨ ਸ਼ੁਕਰਵਾਰ ਤੋਂ ਆਰੰਭ ਹੋ ਗਿਆ ਹੈ। ਆਸਥਾ ਦਾ ਮਹਾਕੁੰਭ ਛੱਠ ਵਰਤ ਨੂੰ ਸ਼ਰਧਾਲੂ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਛੱਠ ਵਰਤ ਦੇ ਦੌਰਾਨ ਚਾਰੇ ਪਾਸੇ ਭਗਤੀ ਦਾ ਆਲਮ ਹੀ ਨਜ਼ਰ ਆਉਂਦਾ ਹੈ। ਮੁੱਖ ਤੌਰ ’ਤੇ ਛੱਠ ਪੂਜਾ ਦਾ ਤਿਉਹਾਰ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਵਿੱਚ ਮਨਾਇਆ ਜਾਂਦਾ ਸੀ ਪਰ ਹੁਣ ਹੌਲੀ-ਹੌਲੀ ਪੰਜਾਬ ਸਣੇ ਦੇਸ਼ ਦੇ ਲਗਪਗ ਸਾਰੇ ਹੀ ਸੂਬਿਆਂ ਵਿਚ ਛੱਠ ਵਰਤ ਹੋਣ ਲੱਗਾ ਹੈ। ਇਸ ਵਾਰ ਛੱਠ ਵਰਤ ਦੀ ਸ਼ੁਰੂਆਤ 13 ਨਵੰਬਰ ਦਿਨ ਸ਼ੁਕਰਵਾਰ ਤੋਂ ਹੋ ਗਈ ਹੈ, ਜਿਸ ਸਬੰਧੀ ਬਜ਼ਾਰਾਂ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਤੇ ਜੇਸੀਟੀ ਮਿੱਲ ਫਗਵਾੜਾ ਦੀ ਮਾਰਕੀਟ ਛੱਠ ਵਰਤ ਦੇ ਪ੍ਰਸ਼ਾਦ ਨਾਲ ਪੂਰੀ ਤਰ੍ਹਾਂ ਸਜ ਚੁੱਕੀ ਹੈ ਤੇ ਛੱਠ ਵਰਤੀਆਂ ਨੇ ਵੀ ਵਰਤ ਦਾ ਸਮਾਨ ਖ਼ਰੀਦਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਚੇਅਰਮੈਨ ਰਵਿੰਦਰ ਗੁਪਤਾ ਤੇ ਸਮਰ ਗੁਪਤਾ ਨੇ ਦੱਸਿਆ ਕਿ ਛੱਠ ਵਰਤ ਵਿਚ ਭਗਵਾਨ ਸੂਰਜ ਤੇ ਉਨ੍ਹਾਂ ਦੀ ਭੈਣ ਛਠੀ ਮਈਆ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਾਲ ਇਹ ਪੂਜਾ 13 ਨਵੰਬਰ ਦਿਨ ਸ਼ੁਕਰਵਾਰ ਤੋਂ ਸ਼ੁਰੂ ਹੋ ਗਈ, ਜਿਸ ਦੇ ਤਹਿਤ ਛੱਠ ਵਰਤ ਰੱਖਣ ਵਾਲੇ ਸ਼ਰਧਾਲੂ ਸਾਫ਼-ਸਫ਼ਾਈ ਤੇ ਸ਼ਾਕਾਹਾਰੀ ਭੋਜਨ ਨਾਲ ਵਰਤ ਦੀ ਸ਼ੁਰੁਆਤ ਕਰਨਗੇ।
ਇਸ ਤਰ੍ਹਾਂ ਹੋਵੇਗਾ ਵਰਤ ਦਾ ਸੰਚਾਲਨ
ਨਹਾਏ ਖਾਏ
ਮਿਤੀ 13 ਨਵੰਬਰ ਦਿਨ ਸ਼ੁਕਰਵਾਰ ਸਵੇਰੇ ਇਸ਼ਨਾਨ ਕਰ ਕੇ ਲਸਣ, ਪਿਆਜ, ਤਾਮਸਿਕ ਭੋਜਨ ਛੱਡਕੇ ਵਰਤ ਰੱਖਣ ਲਈ ਪ੍ਰਣ ਲੈਣਗੇ ਤੇ ਸ਼ਾਮ ਸਮੇਂ ਲੋਕੀ ਦੀ ਸਬਜ਼ੀ, ਚਨੇ ਦੀ ਦਾਲ, ਰੋਟੀ ਜਾਂ ਚਾਵਲ ਖਾਣਗੇ।
ਖਰਨਾ
ਮਿਤੀ 14 ਨਵੰਬਰ ਦਿਨ ਸ਼ਨੀਵਾਰ ਨੂੰ ਖਰਨਾ ਹੋਵੇਗਾ। ਵਰਤ ਰੱਖਣ ਵਾਲੇ ਸ਼ਰਧਾਲੂ ਪੂਰਾ ਦਿਨ ਨਿਰਜਲਾ ਵਰਤ ਸ਼ੁਰੂ ਕਰ ਦੇਣਗੇ ਤੇ ਸ਼ਾਮ ਸਮੇਂ ਸੂਰਜ ਭਗਵਾਨ ਨੂੰ ਘਰ ਵਿੱਚ ਹੀ ਹਵਨ ਕਰਕੇ ਅਰਘ ਦੇ ਕੇ ਮਿੱਠਾ ਭੋਜਨ, ਜਿਸ ਵਿਚ ਗੁੜ ਵਾਲੀ ਖੀਰ, ਰੋਟੀ ਖਾਣਗੇ।
ਅਰਘ
ਅਗਲੇ ਦਿਨ ਮਿਤੀ 15 ਨਵੰਬਰ ਦਿਨ ਐਤਵਾਰ ਨੂੰ ਛੱਠਵਰਤੀ ਪੂਰਾ ਦਿਨ ਭੁੱਖੇ ਰਹਿਕੇ ਨਿਰਜਲਾ ਵਰਤ ਰੱਖਕੇ ਡੁੱਬਦੇ ਹੋਏ ਸੂਰਜ ਭਗਵਾਨ ਨੂੰ ਅਰਘ ਦੇਣ ਲਈ ਨਦੀ, ਦਰਿਆ, ਕੋਈ ਵੀ ਸਾਫ ਪਾਣੀ ਦਾ ਸਾਧਨ, ਨਜ਼ਦੀਕੀ ਪਾਣੀ ਦੇ ਘਾਟ ’’ਚ ਖੜ੍ਹੇ ਹੋ ਕੇ ਡੁੱਬਦੇ ਸੂਰਜ ਭਗਵਾਨ ਤੇ ਛਠੀ ਮਈਆ ਨੂੰ ਪਹਿਲੇ ਦਿਨ ਦਾ ਅਰਘ ਦੇਣਗੇ ਤੇ ਵਾਪਸ ਘਰ ਪਰਤ ਕੇ ਸੂਰਜ ਭਗਵਾਨ ਤੇ ਛਠੀ ਮਈਆ ਦੀ ਪੂਜਾ ਅਰਚਨਾ ਕਰਦੇ ਹੋਏ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਭਜਨ ਗਾ ਕੇ ਨਿਰਜਲਾ ਵਰਤ ਨੂੰ ਅੱਗੇ ਵਧਾਉਣਗੇ।
ਸਮਾਪਨ
ਅਗਲੇ ਦਿਨ ਸਵੇਰੇ 16 ਨਵੰਬਰ ਦਿਨ ਸੋਮਵਾਰ ਨੂੰ ਦੂਜਾ ਅਰਘ ਚੜ੍ਹਦੇ ਸੂਰਜ ਭਗਵਾਨ ਤੇ ਛਠ ਮਈਆ ਨੂੰ ਦੇਣ ਤੋਂ ਬਾਅਦ ਕਿਸੇ ਪੰਡਿਤ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਥੋੜ੍ਹਾ ਪਾਣੀ ਜਾਂ ਚਾਹ ਪੀ ਕੇ ਵਰਤ ਦੀ ਸਮਾਪਤੀ ਕਰਨਗੇ। ਇਸ ਤਰ੍ਹਾਂ ਇਹ ਵਰਤ ਲਗਾਤਾਰ ਚਾਰ ਦਿਨਾਂ ਤੱਕ ਚਲਦਾ ਹੈ। ਛੱਠਵਰਤੀ ਲਗਾਤਾਰ 36 ਘੰਟੇ ਨਿਰਜਲਾ ਬਿਨਾਂ ਪਾਣੀ ਪੀਤੇ ਇਸ ਵਰਤ ਨੂੰ ਪੂਰਾ ਕਰਦੇ ਹਨ।
ਰਵਿੰਦਰ ਗੁਪਤਾ ਤੇ ਸਮਰ ਗੁਪਤਾ ਨੇ ਦੱਸਿਆ ਕਿ ਛੱਠ ਵਰਤ ਮੁੱਖ ਤੌਰ ਤੇ ਭਗਵਾਨ ਸੂਰਜ ਅਤੇ ਛਠੀ ਮਈਆ ਦੀ ਪੂਜਾ ਕਰਨ ਦਾ ਵਰਤ ਹੈ।ਛਠਵਰਤੀ ਪੂਰੀ ਸ਼ਰਧਾ ਨਾਲ ਸੂਰਜ ਭਗਵਾਨ ਅਤੇ ਛਠੀ ਮਈਆ ਦੀ ਪੂਜਾ ਕਰਦੇ ਹਨ ਅਤੇ ਸੰਤਾਨ ਦੀ ਪ੍ਰਾਪਤੀ,ਸੰਤਾਨ ਦੀ ਲੰਬੀ ਉਮਰ, ਘਰ ਪਰਿਵਾਰ ਵਿਚ ਸੁੱਖ ਸ਼ਾਂਤੀ ਲਈ ਇਹ ਵਰਤ ਕਰਦੇ ਹਨ।
ਰਵਿੰਦਰ ਗੁਪਤਾ,ਸਮਰ ਗੁਪਤਾ ਨੇ ਦੱਸਿਆ ਕਿ ਹਿੰਦੂ ਧਰਮ ਦਾ ਸਭ ਤੋਂ ਸਖ਼ਤ ਵਰਤ ਛੱਠ ਵਰਤ ਹੀ ਹੈ । ਇਸ ਵਰਤ ਨੂੰ ਕਰਨ ਵਾਲੇ ਸ਼ਰਧਾਲੂ ਲਗਾਤਾਰ 36 ਘੰਟੇ ਬਿਨਾਂ ਪਾਣੀ ਪੀਤੇ ਬਿਨਾਂ ਕੁਝ ਖਾਧੇ ਭਗਵਾਨ ਸੂਰਜ ਅਤੇ ਛਠੀ ਮਈਆ ਦੀ ਅਰਾਧਨਾ ਕਰ ਕੇ ਆਪਣੀ ਸ਼ਰਧਾ ਵਿਅਕਤ ਕਰਦੇ ਹਨ।
ਜੋ ਲੋਕ ਇਸ ਵਰਤ ਨੂੰ ਆਪ ਨਹੀ ਰਖ ਸਕਦੇ ਉਹ ਛਠ ਵਰਤ ਰਖਣ ਵਾਲਿਆਂ ਦੇ ਪ੍ਰਸ਼ਾਦ ਵਿਚ ਸੇਵਾ ਨਿਭਾਕੇ ਛੱਠੀ ਮਈਆ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ।