ਕੈਮਿਸਟ ਪਾਬੰਦੀਸ਼ੁਦਾ ਦਵਾਈਆਂ ਨਾ ਰੱਖਣ : ਕਾਲੀਆ ਕੈਮਿਸਟ ਮੈਡੀਕਲ ਸਟੋਰਾਂ 'ਤੇ ਪਾਬੰਦੀਸ਼ੁਦਾ ਦਵਾਈਆਂ ਨਾ ਰੱਖਣ, ਨਹੀਂ ਤਾਂ ਹੋਵੇਗੀ ਤੁਰੰਤ ਕਾਰਵਾਈ : ਡਰੱਗ ਇੰਸਪੈਕਟਰ
Publish Date: Thu, 26 Nov 2026 08:55 PM (IST)
Updated Date: Thu, 26 Nov 2026 08:58 PM (IST)
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਜ਼ਿਲ੍ਹਾ ਡਰੱਗ ਇੰਸਪੈਕਟਰ ਮੈਡਮ ਅਨੁਪਮਾ ਕਾਲੀਆ ਨੇ ਗੱਲਬਾਤ ਦੌਰਾਨ ਮੈਡੀਕਲ ਸਟੋਰਾਂ ਵਾਲਿਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਕੈਮਿਸਟ ਆਪਣੇ ਮੈਡੀਕਲ ਸਟੋਰ ਤੇ ਪ੍ਰੀਗਾਬਾਲਿਨ ਸਾਲਟ ਵਾਲੇ ਕੈਪਸੂਲ ਜਾਂ ਗੋਲੀਆਂ ਬਿਲਕੁਲ ਨਾ ਰੱਖਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਤੇ ਪ੍ਰੀਗਾਬਾਲਿਨ ਸਾਲਟ ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਚੁੱਕੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕੈਮਿਸਟਾਂ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਆਪਣੀ ਦੁਕਾਨ ਤੇ ਪ੍ਰੀਗਾਬਾਲਿਨ ਕੈਪਸੂਲ ਵਗੈਰਾ ਵੇਚਦਾ ਪਾਇਆ ਗਿਆ, ਤਾਂ ਉਸ ਖਿਲਾਫ ਤੁਰੰਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮੈਡੀਕਲ ਸਟੋਰ ਤੇ ਪ੍ਰੀਗਾਬਾਲਿਨ ਸਾਲਟ ਵਾਲੀਆਂ ਦਵਾਈਆਂ ਹਨ ਤਾਂ ਤੁਰੰਤ ਸਟਾਕ ਚੁੱਕਿਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸਖਤ ਕਦਮ ਉਠਾਏ ਜਾ ਰਹੇ ਹਨ, ਕਿਉਂਕਿ ਪ੍ਰੀਗਾਬਾਲਿਨ ਕੈਪਸੂਲ ਦੀ ਦੁਰਵਰਤੋਂ ਹੁੰਦੀ ਪਾਈ ਜਾ ਰਹੀ ਸੀ, ਜਿਸ ਕਰਕੇ ਸਰਕਾਰ ਵੱਲੋਂ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੈਮਿਸਟ ਸੇਲ-ਪਰਚੇਜ਼ ਦਾ ਰਿਕਾਰਡ ਪੂਰੀ ਤਰ੍ਹਾਂ ਦਰੁੱਸਤ ਰੱਖਣ, ਕਿਸੇ ਵੀ ਕਿਸਮ ਦੀ ਕੁਤਾਹੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਤੇ ਚੈਕਿੰਗ ਮੁਹਿੰਮ ਜਾਰੀ ਹੈ।