- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੇਤਨਾ ਸੰਤ ਸਮਾਗਮ ਮੌਕੇ ਫਗਵਾੜੇ "ਜੈ ਗੁਰੂਦੇਵ ਧੰਨ ਗੁਰੂਦੇਵ"ਦੇ ਗੂੰਜੇ ਜੈਕਾਰੇ

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ’ਚ ਕਰਵਾਏ ਗਏ ਵਿਸ਼ਾਲ ਚੇਤਨਾ ਸਮਾਗਮ ਮੌਕੇ ਪੂਰਾ ਫਗਵਾੜਾ ਸ਼ਹਿਰ ‘ਜੈ ਗੁਰੂਦੇਵ ਧੰਨ ਗੁਰੂਦੇਵ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਜ਼ਿਕਰਯੋਗ ਹੈ ਕਿ ਅਖਿਲ ਭਾਰਤੀ ਰਵਿਦਾਸੀਆ ਧਰਮ ਸੰਗਠਨ ਵਿਸ਼ੇਸ਼ ਕਰ ਕੇ ਪੰਜਾਬ ਇਕਾਈ ਵੱਲੋਂ ਕਰਵਾਏ ਗਏ ਮਹਾਨ ਰਵਿਦਾਸੀਆ ਧਰਮ ਚੇਤਨਾ ਸੰਤ ਸਮਾਗਮ ਬਹੁਤ ਹੀ ਸ਼ਰਧਾ, ਉਤਸ਼ਾਹ ਤੇ ਇਤਿਹਾਸਕ ਢੰਗ ਨਾਲ ਰਵਿਦਾਸੀਆ ਧਰਮ ਦੇ ਪ੍ਰਚਾਰ, ਪ੍ਰਸਾਰ ਤੇ ਰਵਿਦਾਸੀਆ ਧਰਮ ਨੂੰ ਵੱਖਰੇ ਧਰਮ ਵਜੋਂ ਮਾਨਤਾ ਦੇਣ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪਾਵਨ ਪ੍ਰਕਾਸ਼ ਪੁਰਬ ਸਤਿਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਕਾਂਸ਼ੀ, ਬਨਾਰਸ ਵਿਖੇ ਯਾਦਗਾਰੀ ਬਣਾਉਣ ਸਬੰਧੀ ਬਾਤਾਂ ਪਾਉਂਦਾ ਹੋਇਆ ਯਾਦਗਾਰੀ ਹੋ ਨਿਬੜਿਆ। ਇਹ ਸਮੁੱਚਾ ਸੰਤ ਸਮਾਗਮ ਪਦਮ ਸ਼੍ਰੀ ਸੰਤ ਨਿਰੰਜਣ ਦਾਸ ਮਹਾਰਾਜ ਜੀ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਤੇ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਪਬਲਿਕ ਚੈਰੀਟੇਬਲ ਟਰੱਸਟ ਕਾਂਸ਼ੀ ਬਨਾਰਸ ਵਾਲਿਆਂ ਦੇ ਨਾਲ-ਨਾਲ ਸਮੁੱਚੇ ਰਵਿਦਾਸੀਆ ਸਾਧੂ ਸਮਾਜ ਦੀ ਸਾਂਝੀ ਸਮੂਲੀਅਤ ਵਿੱਚ ਮਨਾਇਆ ਗਿਆ। ਇਸ ਵਿਸ਼ਾਲ ਸਮਾਗਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਤਿਕਾਰਯੋਗ ਉਹ ਅਨੇਕਾਂ ਸੰਤ ਮਹਾਂਪੁਰਸ਼, ਧਾਰਮਿਕ ਆਗੂ, ਸਮਾਜਿਕ ਅਤੇ ਵੱਖ-ਵੱਖ ਸਿਆਸੀ ਪਾਰਟੀਆ ਦੇ ਰਾਜਨੀਤਿਕ ਆਗੂ ਅਤੇ ਲੱਖਾਂ ਦੀ ਗਿਣਤੀ ਵਿੱਚ ਰਵਿਦਾਸੀਆ ਸੰਗਤਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਆਏ ਹੋਏ ਸੰਤ ਮਹਾਂਪੁਰਸ਼ਾਂ ਨੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਦੇਸ਼ ਵਿੱਚ ਹੋਣ ਵਾਲੀ ਜਨਗਣਨਾ ਲਈ ਰਵਿਦਾਸੀਆ ਧਰਮ ਦੇ ਵੱਖਰੇ ਕਾਲਮ ਬਣਾਏ ਜਾਣ ਦਾ ਜਲਦ ਤੋਂ ਜਲਦ ਨੋਟੀਫਿਕੇਸ਼ਨ ਜਾਰੀ ਕਰੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪਾਵਨ ਪ੍ਰਕਾਸ਼ ਪੁਰਬ ਸਬੰਧੀ ਇਤਿਹਾਸਕ ਯਾਦਗਾਰੀ ਬਣਾਉਣ ਲਈ ਸਰਬਪੱਖੀ ਸਹਿਯੋਗ ਯਕੀਨੀ ਬਣਾਏ ਅਤੇ ਦਿੱਲੀ ਵਿਖੇ ਤੁਗਲਕਾਬਾਦ ਸਤਿਗੁਰੂ ਰਵਿਦਾਸ ਮੰਦਰ ਦਾ ਪਹਿਲਾਂ ਜਿੰਨਾ ਰਕਬਾ ਤੁਰੰਤ ਪਹਿਲ ਦੇ ਅਧਾਰ ’ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਦੇ ਨਾਂ ’ਤੇ ਜਲਦ ਤੋਂ ਜਲਦ ਖਾਲੀ ਕਰਵਾ ਕੇ ਮੰਦਰ ਦੇ ਨਾ ਪੱਕੀ ਅਲਾਟਮੈਂਟ ਕੀਤੀ ਜਾਵੇ ਆਦਿ ਵਿਸ਼ਿਆਂ ’ਤੇ ਪੁਰਜ਼ੋਰ ਚਰਚਾ ਕੀਤੀ ਗਈ।
ਇਸ ਮੌਕੇ ਹੋਰਾਂ ਤੋਂ ਇਲਾਵਾ ਪਦਮ ਸ਼੍ਰੀ ਸੰਤ ਨਿਰੰਜਣ ਦਾਸ ਮਹਾਰਾਜ ਜੀ, ਸੰਤ ਪ੍ਰਦੀਪ ਦਾਸ ਕਠਾਰ ਵਾਲੇ, ਸੰਤ ਪ੍ਰੀਤਮ ਦਾਸ ਸੰਗਤਪੁਰਾ ਫਗਵਾੜਾ, ਸੰਤ ਗੁਰਦੀਪ ਗਿਰੀ ਜੀ ਮਹਾਰਾਜ ਪਠਾਨਕੋਟ ਵਾਲੇ, ਸੰਤ ਕ੍ਰਿਸ਼ਨ ਨਾਥ ਜੀ (ਡੇਰਾ ਚਹੇੜੂ), ਸੰਤ ਸੁਖਵਿੰਦਰ ਦਾਸ ਢੱਡੇ, ਸੰਤ ਹਰਵਿੰਦਰ ਦਾਸ ਜੀ, ਸੰਤ ਮੇਜਰ ਦਾਸ ਸਾਲੂਵਾਲ, ਸੰਤ ਵੀਰ ਸਿੰਘ ਹਿਤਕਾਰੀ, ਸੰਤ ਟਹਿਲਨਾਥ ਜੀ, ਸੰਤ ਲਖਵਿੰਦਰ ਦਾਸ ਕੁਡਿਆਣਾ, ਸੰਤ ਬਲਵੀਰ ਦਾਸ ਡੀਗਰੀਆਂ, ਸੁਆਮੀ ਬਲਰਾਮ ਰਾਏ, ਸੁਆਮੀ ਰਜਿੰਦਰ ਪ੍ਰਸਾਦ, ਬੀਬੀ ਕ੍ਰਿਸ਼ਨਾ ਦੇਵੀ, ਬੀਬੀ ਸੁਜਾਤਾ ਬੰਗੜ, ਸੰਤ ਰੋਸ਼ਨੀ ਦੇਵੀ, ਸੰਤ ਰਾਮ ਦਿਆਲ, ਸੰਤ ਬਿਕਰਮ ਰਵਿਦਾਸੀਆ, ਸੰਤ ਰਾਮ ਦਾਸ ਅਸਨਾਵਲੇ, ਸੰਤ ਰਸਪਾਲ ਦਾਸ ਉਡੜੇ ਵਾਲੇ, ਸੇਠ ਦੇਸਰਾਜ ਫਗਵਾੜਾ, ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਵਰਿੰਦਰ ਦਾਸ ਬੱਬੂ, ਸੇਵਾਦਾਰ ਦਵਿੰਦਰ ਦਾਸ, ਸੇਵਾਦਾਰ ਕੈਲਾਸ਼ ਚੰਦਰ, ਮੈਨੇਜਰ ਬਾਬੂ ਧਰਮਪਾਲ ਸਿਮਕ, ਬੀਪੀਈਓ ਬੀਕੇ ਮਹਿਮੀ, ਪਰਮਿੰਦਰ ਟਾਂਡਾ, ਟਰੱਸਟ ਜਨਰਲ ਸਕੱਤਰ ਸਤਪਾਲ ਹੀਰ, ਪਾਖਰ ਸਿੰਘ ਅਤੇ ਹੋਰ ਅਨੇਕਾਂ ਸੰਤ ਮਹਾਂਪੁਰਸ਼ਾਂ ਦੇ ਨਾਲ-ਨਾਲ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦੀ ਸਕੱਤਰ ਅਵਿਨਾਸ਼ ਚੰਦਰ ਕਲੇਰ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਐਡਵੋਕੇਟ ਬਲਵਿੰਦਰ ਬਲਵਿੰਦਰ ਕੁਮਾਰ ਬਸਪਾ ਆਗੂ, ਰਿਪਬਲਿਕਨ ਪਾਰਟੀ ਹਰਿਆਣਾ ਦੇ ਅਸ਼ੋਕ ਭਾਰਤੀ, ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਨੰਗਲ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮੁੱਚੇ ਸਮਾਗਮ ਦੌਰਾਨ ਮੰਨ ਸੰਚਾਲਨ ਦੀਆਂ ਸੇਵਾਵਾਂ ਗਿਆਨੀ ਕੁਲਵੰਤ ਸਿੰਘ ਕਜਲਾ, ਨਿਰੰਜਨ ਦਾਸ ਚੀਮਾ ਆਦਿ ਵੱਲੋਂ ਸਾਂਝੇ ਤੌਰ ਤੇ ਬਾਖੂਬੀ ਨਿਵਾਈਆਂ ਗਈਆਂ। ਇਸ ਮੌਕੇ ਗਾਇਕ ਰਾਜ ਦਾਦਰਾਲ, ਐੱਸਐੱਸ ਆਜ਼ਾਦ, ਬਲਵਿੰਦਰ ਬਿੱਟੂ, ਪ੍ਰੀਆ ਬੰਗਾ, ਬਬਲੀ ਵਿਰਦੀ ਅਤੇ ਗਗਨ ਧਨਾਲ ਅਤੇ ਕਈ ਹੋਰ ਗਾਇਕਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੀਵਨ ਮਹਿਮਾ ਦਾ ਗੁਣਗਾਨ ਕੀਤਾ ਗਿਆ।
ਸਮਾਗਮ ਦੌਰਾਨ ਰਵਿਦਾਸੀਆ ਧਰਮ ਦੀ ਪਛਾਣ ਨੂੰ ਮਜ਼ਬੂਤ ਕਰਨ ਲਈ ਸਾਰਿਆਂ ਨੇ ਇਕਜੁੱਟ ਹੋ ਕੇ ਇਹ ਇਤਿਹਾਸਕ ਪ੍ਰਣ ਲਿਆ ਕਿ ਭਾਰਤ ਦੀ ਜਨਗਣਨਾ 2027 ਵਿੱਚ ਆਪਣੇ ਧਰਮ ਵਾਲੇ ਕਾਲਮ ਵਿੱਚ ‘ਰਵਿਦਾਸੀਆ ਧਰਮ’ ਹੀ ਦਰਜ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਹੋਏ ਸੰਤ ਮਹਾਪੁਰਸ਼ਾਂ, ਸਮਾਜਿਕ ਤੇ ਸਿਆਸੀ ਆਗੂਆਂ ਨੂੰ ਸੰਤ ਨਿਰੰਜਣ ਦਾਸ ਜੀ ਪਾਸੋਂ ਸਨਮਾਨਿਤ ਕਰਵਾਇਆ ਗਿਆ। ਇਸ ਮੌਕੇ ਜਿੱਥੇ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਈ, ਉੱਥੇ ਇਸ ਅਲੌਕਿਕ ਸਮਾਗਮ ਦੌਰਾਨ ਪੂਰਾ ਫਗਵਾੜਾ ਸ਼ਹਿਰ ‘ਜੈ ਗੁਰੂਦੇਵ ਧੰਨ ਗੁਰੂਦੇਵ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।