ਫਗਵਾੜਾ ’ਚ ਚੱਬੇਵਾਲ ਦੀ ਸਥਿਤੀ ਮਜ਼ਬੂਤ ਫਗਵਾੜਾ ’ਚ ਚੱਬੇਵਾਲ ਦੀ ਮਜ਼ਬੂਤ ਸਥਿਤੀ, ਵਿਰੋਧੀ ਧਿਰਾਂ ’ਚ ਹਾਲੇ ਤੱਕ ਸਪਸ਼ਟ ਚਿਹਰੇ ਦੀ ਘਾਟ
Publish Date: Sun, 23 Aug 2026 07:23 PM (IST)
Updated Date: Sun, 23 Aug 2026 07:24 PM (IST)
ਵਿਰੋਧੀ ਧਿਰਾਂ ’ਚ ਹਾਲੇ ਤੱਕ ਸਪਸ਼ਟ ਚਿਹਰੇ ਦੀ ਘਾਟ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਵਿਧਾਨ ਸਭਾ ਹਲਕੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੌਲੀ-ਹੌਲੀ ਤੇਜ਼ ਹੋਣ ਲੱਗੀਆਂ ਹਨ। ਮੌਜੂਦਾ ਹਾਲਾਤਾਂ ’ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ, ਮੈਂਬਰ ਪਾਰਲੀਮੈਂਟ ਤੇ ਸੂਬਾ ਸਪੋਕਸਪਰਸਨ ਡਾ. ਰਾਜ ਕੁਮਾਰ ਚੱਬੇਵਾਲ ਇਸ ਸਮੇਂ ਫਗਵਾੜਾ ਦੀ ਸਿਆਸਤ ਵਿੱਚ ਮਜ਼ਬੂਤ ਸਥਿਤੀ ਵਿੱਚ ਨਜ਼ਰ ਆ ਰਹੇ ਹਨ। ਡਾ. ਚੱਬੇਵਾਲ ਵੱਲੋਂ ਲਗਾਤਾਰ ਹਲਕੇ ਵਿੱਚ ਲੋਕਾਂ ਨਾਲ ਸੰਪਰਕ ਵਧਾਉਣ ਤੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਕਾਰਨ ਉਨ੍ਹਾਂ ਦੀ ਸਿਆਸੀ ਸਰਗਰਮੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਮੁਕਾਬਲੇ ਵਿਰੋਧੀ ਧਿਰਾਂ ਵੱਲੋਂ ਹਾਲੇ ਤੱਕ ਅਜਿਹਾ ਕੋਈ ਸਪਸ਼ਟ ਤੇ ਸਰਬਪੱਖੀ ਚਿਹਰਾ ਸਾਹਮਣੇ ਨਹੀਂ ਆਇਆ, ਜੋ ਉਨ੍ਹਾਂ ਨੂੰ ਸਿੱਧੀ ਚੁਣੌਤੀ ਦੇ ਸਕੇ। ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੀਆਂ ਸਿਆਸੀ ਗਤੀਵਿਧੀਆਂ ਵਿੱਚ ਤੇਜ਼ੀ ਲਿਆਂਦੀ ਹੋਈ ਹੈ। ਹਾਲਾਂਕਿ ਕਾਂਗਰਸ ਦੇ ਅੰਦਰੂਨੀ ਸਿਆਸੀ ਸਮੀਕਰਨ ਤੇ ਪੰਜਾਬ ਪੱਧਰ ’ਤੇ ਚੱਲ ਰਹੀ ਧੜੇਬੰਦੀ ਦਾ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਫਗਵਾੜਾ ਦੀ ਸਿਆਸਤ ’ਤੇ ਵੀ ਪੈ ਸਕਦਾ ਹੈ। ਭਾਜਪਾ ਦੀ ਗੱਲ ਕਰੀਏ ਤਾਂ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਹੈ ਕਿ ਪਾਰਟੀ ਇਸ ਵਾਰ ਫਗਵਾੜਾ ਤੋਂ ਕਿਸੇ ਨਵੇਂ ਚਿਹਰੇ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਨਵੇਂ ਉਮੀਦਵਾਰ ਨੂੰ ਸਥਾਨਕ ਪੱਧਰ ’ਤੇ ਆਪਣੀ ਪਛਾਣ ਤੇ ਲੋਕਾਂ ਨਾਲ ਮਜ਼ਬੂਤ ਸੰਪਰਕ ਬਣਾਉਣ ਲਈ ਸਮਾਂ ਲੱਗ ਸਕਦਾ ਹੈ। ਇਸ ਸਥਿਤੀ ਦਾ ਸਿਆਸੀ ਲਾਭ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ 2027 ਦੀਆਂ ਚੋਣਾਂ ਵਿੱਚ ਆਪਣੀ ਸਿਆਸੀ ਭੂਮਿਕਾ ਨਿਭਾ ਸਕਦਾ ਹੈ ਜੋਕਿ ਬੀਤੇ ਸਮੇ ਵਾਂਗ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੋਟ ਬੈਂਕ ਆਪਣੇ ਪੱਖ ਵਿਚ ਘੁਮਾ ਸਕਦਾ ਹੈ। ਦੂਜੇ ਪਾਸੇ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਵਿਚਕਾਰ ਮੁੜ ਗਠਜੋੜ ਬਣਦਾ ਹੈ ਤਾਂ ਵੀ ਫਗਵਾੜਾ ਸੀਟ ’ਤੇ ਮੁਕਾਬਲਾ ਦਿਲਚਸਪ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਅਕਾਲੀ ਦਲ ਦੀਆਂ ਹਲਕੇ ਵਿੱਚ ਸਰਗਰਮੀਆਂ ਤੁਲਨਾਤਮਕ ਤੌਰ ’ਤੇ ਹੌਲੀਆਂ ਨਜ਼ਰ ਆ ਰਹੀਆਂ ਹਨ। ਕੁੱਲ ਮਿਲਾ ਕੇ ਮੌਜੂਦਾ ਸਿਆਸੀ ਦ੍ਰਿਸ਼ ਵਿੱਚ ਡਾ. ਰਾਜ ਕੁਮਾਰ ਚੱਬੇਵਾਲ ਦੀ ਸਥਿਤੀ ਮਜ਼ਬੂਤ ਦਿਖਾਈ ਦੇ ਰਹੀ ਹੈ। ਹਾਲਾਂਕਿ 2027 ਦੀਆਂ ਚੋਣਾਂ ਵਿੱਚ ਹਾਲੇ ਕਾਫ਼ੀ ਸਮਾਂ ਬਾਕੀ ਹੈ ਤੇ ਸਿਆਸੀ ਸਮੀਕਰਨ ਕਿਸੇ ਵੀ ਸਮੇਂ ਬਦਲ ਸਕਦੇ ਹਨ। ਉਮੀਦਵਾਰਾਂ ਦੀ ਅੰਤਿਮ ਚੋਣ, ਪਾਰਟੀਆਂ ਦੇ ਗਠਜੋੜ, ਅੰਦਰੂਨੀ ਧੜੇਬੰਦੀ ਤੇ ਲੋਕਾਂ ਦਾ ਰੁਝਾਨ ਹੀ ਆਖ਼ਰਕਾਰ ਫਗਵਾੜਾ ਦੀ ਚੋਣ ਤਸਵੀਰ ਤੈਅ ਕਰਨਗੇ। ਫਿਲਹਾਲ ਦੇ ਹਾਲਾਤਾਂ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਡਾ. ਰਾਜ ਕੁਮਾਰ ਚੱਬੇਵਾਲ ਨੇ ਫਗਵਾੜਾ ਵਿੱਚ ਆਪਣੀ ਸਿਆਸੀ ਪਕੜ ਮਜ਼ਬੂਤ ਕਰ ਲਈ ਹੈ ਤੇ ਆਉਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਸਿੱਧੀ ਟੱਕਰ ਦੇਣ ਲਈ ਵਿਰੋਧੀ ਧਿਰਾਂ ਨੂੰ ਮਜ਼ਬੂਤ ਰਣਨੀਤੀ ਤੇ ਪ੍ਰਭਾਵਸ਼ਾਲੀ ਚਿਹਰੇ ਦੀ ਲੋੜ ਹੋਵੇਗੀ। ਹਲੇ ਤੱਕ ਸਿਰਫ ਕਾਂਗਰਸ ਤੇ ਆਪ ਦਾ ਮੁਕਾਬਲਾ ਬਣਦਾ ਹੀ ਨਜ਼ਰ ਆ ਰਿਹਾ ਹੈ। ਸਾਬਕਾ ਆਈਏਐੱਸ ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਵੀ ਚੁਪ-ਚੁਪੀਤੇ ਹੀ ਆਪਣੀ ਰਣਨੀਤੀ ਘੜੀ ਜਾ ਰਹੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁਕਾਬਲਾ ਇਨ੍ਹਾਂ ਦੋਵਾਂ ਪਾਰਟੀਆਂ ਵਿਚਕਾਰ ਹੋਣ ਦੇ ਅਸਾਰ ਹਨ। ਇਕ ਸਮਾਂ ਸੀ ਕਿ ਫਗਵਾੜਾ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਦੇ ਚੋਣਾਂ ਦੌਰਾਨ ਬੂਥ ਤੱਕ ਪੂਰੇ ਨਹੀਂ ਲਗਦੇ ਸਨ ਪਰ ਹੁਣ ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ ਨੇ ਵਿਧਾਨ ਸਭਾ ਹਲਕਾ ਫਗਵਾੜਾ ’ਚ ਇਕ ਮਜ਼ਬੂਤ ਕੈਡਰ ਖੜ੍ਹਾ ਕਰ ਲਿਆ ਹੈ, ਜੋ ਕਿ ਸਿਧੇ ਤੌਰ ’ਤੇ ਜਿੱਤ ਵਲ ਇਸ਼ਾਰਾ ਕਰਦਾ ਹੈ।