ਚੱਬੇਵਾਲ ਵੱਲੋਂ ਲੋਕ ਮਿਲਣੀਆਂ ਕਰ ਕੇ ਸਮੱਸਿਆਵਾਂ ਸੁਣਨਾ ਉੱਤਮ ਉਪਰਾਲਾ : ਢੇਸੀ ਚੱਬੇਵਾਲ ਵੱਲੋਂ ਪਿੰਡਾਂ ਵਿੱਚ ਲੋਕ ਮਿਲਣੀਆਂ ਕਰਕੇ ਸਮੱਸਿਆਵਾਂ ਸੁਣਨਾ ਉੱਤਮ ਉਪਰਾਲਾ : ਢੇਸੀ
Publish Date: Wed, 26 Aug 2026 06:41 PM (IST)
Updated Date: Wed, 26 Aug 2026 06:43 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਅਤੇ ਪਿੰਡਾਂ ਤੱਕ ਜਾ ਕੇ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਲੋਕਪੱਖੀ ਸੋਚ ਦੀ ਨਿਸ਼ਾਨੀ ਹੈ। ਇਸੇ ਤਹਿਤ ਸੰਸਦ ਮੈਂਬਰ ਅਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਗਵਾੜਾ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਉਪਰਾਲੇ ਦੀ ਹਰ ਵਰਗ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸਬੰਧੀ ਯੰਗ ਫਾਰਮਰ ਸਪੋਰਟਸ ਕਲੱਬ ਮਹੇੜੂ ਦੇ ਪ੍ਰਧਾਨ ਅਤੇ ਬਲਾਕ ਪ੍ਰਧਾਨ ਆਪ ਸਤਵੀਰ ਸਿੰਘ ਢੇਸੀ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਤੌਰ ’ਤੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਲੈ ਕੇ ਸਰਕਾਰੀ ਦਫ਼ਤਰਾਂ ਜਾਂ ਆਗੂਆਂ ਦੇ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ, ਪਰ ਜੇਕਰ ਲੋਕ ਨੁਮਾਇੰਦੇ ਖੁਦ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਤਾਂ ਇਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਤੇਜ਼ੀ ਨਾਲ ਕਾਰਵਾਈ ਕਰਨ ਵਿੱਚ ਮਦਦ ਮਿਲਦੀ ਹੈ। ਸਤਵੀਰ ਸਿੰਘ ਢੇਸੀ ਨੇ ਕਿਹਾ ਕਿ ਚੱਬੇਵਾਲ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਦੌਰਾਨ ਸੜਕਾਂ, ਸੀਵਰੇਜ, ਪਾਣੀ, ਬਿਜਲੀ, ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਲੋਕਾਂ ਵੱਲੋਂ ਸਾਹਮਣੇ ਰੱਖੀਆਂ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਮੌਕੇ ’ਤੇ ਸੁਣਨਾ ਅਤੇ ਸਬੰਧਤ ਵਿਭਾਗਾਂ ਰਾਹੀਂ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਜਾਣਨ ਲਈ ਅਜਿਹੀਆਂ ਲੋਕ ਮਿਲਣੀਆਂ ਲਗਾਤਾਰ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਲੋਕਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵਿਚਕਾਰ ਸੰਪਰਕ ਹੋਰ ਮਜ਼ਬੂਤ ਹੁੰਦਾ ਹੈ ਅਤੇ ਵਿਕਾਸ ਕਾਰਜਾਂ ਨੂੰ ਵੀ ਸਹੀ ਦਿਸ਼ਾ ਮਿਲਦੀ ਹੈ। ਪ੍ਰਧਾਨ ਸਤਵੀਰ ਸਿੰਘ ਢੇਸੀ ਨੇ ਉਮੀਦ ਜ਼ਾਹਰ ਕੀਤੀ ਕਿ ਡਾ. ਰਾਜ ਕੁਮਾਰ ਚੱਬੇਵਾਲ ਇਸੇ ਤਰ੍ਹਾਂ ਪਿੰਡ-ਪਿੰਡ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਰਹਿਣਗੇ ਅਤੇ ਲੋਕਾਂ ਵੱਲੋਂ ਉਠਾਏ ਗਏ ਮਸਲਿਆਂ ਦੇ ਹੱਲ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਜਲਦ ਕਾਰਵਾਈ ਕਰਵਾਉਣਗੇ। ਢੇਸੀ ਨੇ ਬੀਤੇ ਦਿਨੀਂ ਚੱਬੇਵਾਲ ਵੱਲੋਂ ਇੱਕ ਵਿਸ਼ੇਸ਼ ਮਿਲਣੀ ਕਰਕੇ ਵਿਕਲਾਂਗ ਵਰਗ ਦੀਆਂ ਸਮੱਸਿਆਂਵਾਂ ਸੁਣਨਾ ਤੇ ਉਨ੍ਹਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਜਤਾਉਣਾ ਵੀ ਇੱਕ ਸ਼ਲਾਘਾਯੋਗ ਕਦਮ ਦੱਸਿਆ।