ਜਨਗਣਨਾ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਪੂਰੇ ਦਿਨ ਦੀ ਛੁੱਟੀ ਮੰਗੀ ਜਨਗਣਨਾ ਸੁਪਰਵਾਈਜਰ ਤੇ ਗਿਣਤੀਕਾਰਾਂ ਵੱਲੋਂ ਅੱਧੇ ਦਿਨ ਦੀ ਛੁੱਟੀ ਦੀ ਬਜਾਏ ਪੂਰੇ ਦਿਨ ਦੀ ਛੁੱਟੀ ਦੇਣ ਦੀ ਕੀਤੀ ਮੰਗ
Publish Date: Mon, 19 Oct 2026 09:51 PM (IST)
Updated Date: Mon, 19 Oct 2026 09:54 PM (IST)
ਐੱਸਡੀਐੱਮ ਦੇ ਨਾਂ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ ਪੰਜਾਬੀ ਜਾਗਰਣ ਪ੍ਰਤੀਨਿਧ ਸੁਲਤਾਨਪੁਰ ਲੋਧੀ : ਜਨਗਣਨਾ ਸੁਪਰਵਾਈਜ਼ਰਾਂ ਤੇ ਗਿਣਤੀਕਾਰਾਂ ਨੇ ਇਕੱਠੇ ਹੋ ਕੇ ਜਨਗਣਨਾ ਦੇ ਕੰਮ ਲਈ ਦਿੱਤੀ ਜਾ ਰਹੀ ਅੱਧੇ ਦਿਨ ਦੀ ਛੁੱਟੀ ਦੀ ਬਜਾਏ ਪੂਰੇ ਦਿਨ ਦੀ ਛੁੱਟੀ ਦੇਣ ਦੀ ਮੰਗ ਨੂੰ ਲੈ ਕੇ ਐੱਸਡੀਐੱਮ ਦੇ ਨਾਂ ਮੰਗ ਪੱਤਰ ਦਿੱਤਾ ਹੈ। ਜਨਗਣਨਾ ਕਰਮਚਾਰੀਆਂ ਦੀ ਅਗਵਾਈ ਕਰ ਰਹੇ ਰਵੀ ਵਾਹੀ ਸੁਪਰਵਾਈਜ਼ਰ, ਕੁਲਬੀਰ ਸਿੰਘ ਸੁਪਰਵਾਈਜ਼ਰ, ਅਜੈ ਗੁਪਤਾ ਸੁਪਰਵਾਈਜ਼ਰ, ਅਪਿੰਦਰ ਸਿੰਘ ਗਿਣਤੀਕਾਰ ਆਦਿ ਨੇ ਦੱਸਿਆ ਕਿ ਜਨਗਣਨਾ 2027 ਦੇ ਦੂਜੇ ਪੜਾਅ ਦਾ ਕੰਮ ਜਿਸ ਲਈ ਕੁੱਲ 40 ਪ੍ਰਸ਼ਨ ਇੱਕ ਪਰਿਵਾਰ ਦੇ ਜੀਅ ਤੋਂ ਪੁੱਛੇ ਜਾਣੇ ਹਨ ਤੇ ਜਿਨ੍ਹਾਂ ਦੇ ਜਵਾਬ ਡਿਜੀਟਲ ਤਰੀਕੇ ਨਾਲ ਐਪ ਵਿੱਚ ਅਪਲੋਡ ਕੀਤੇ ਜਾਣੇ ਹਨ, ਲਈ ਵਿਭਾਗ ਦੁਆਰਾ ਤੈਅ ਅੱਧੇ ਦਿਨ ਦੀ ਛੁੱਟੀ ਵਿੱਚ ਇਸ ਕੰਮ ਨੂੰ ਕਿਸੇ ਤਰ੍ਹਾਂ ਵੀ ਪੂਰਾ ਕਰਨਾ ਅਸੰਭਵ ਹੈ। ਉਨ੍ਹਾਂ ਲਈ ਇਸ ਲਈ ਇੱਕ ਮੰਗ ਪੱਤਰ ਐੱਸਡੀਐੱਮ ਜਸਜੀਤ ਸਿੰਘ ਸੁਲਤਾਨਪੁਰ ਲੋਧੀ ਦੇ ਨਾਮ ਤਹਿਸੀਲਦਾਰ ਭੀਸ਼ਮ ਪਾਂਡੇ ਨੂੰ ਸੌਂਪਿਆ। ਜਨਗਣਨਾ ਦੇ ਸਮੂਹ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੇ ਕਿਹਾ ਕਿ ਸਰਦੀਆਂ ਦੇ ਛੋਟੇ ਦਿਨਾਂ ਵਿੱਚ ਪਹਿਲਾਂ ਸਕੂਲ/ਦਫ਼ਤਰ ਆਪਣੀ ਡਿਊਟੀ ’ਤੇ ਜਾਣਾ ਤੇ ਉਸ ਤੋਂ ਬਾਅਦ ਦੁਪਹਿਰੇ ਜਨਗਣਨਾ ਲਈ ਫੀਲਡ ਵਿੱਚ ਜਾਣਾ ਵਿਹਾਰਕ ਨਹੀਂ ਹੈ। ਬਹੁਤੇ ਪਿੰਡ/ਡੇਰੇ ਦੂਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਨਗਣਨਾ ਦਾ ਕੰਮ ਬਹੁਤ ਹੀ ਜ਼ਿੰਮੇਵਾਰੀ ਤੇ ਸਮਾਂ ਮੰਗਦਾ ਕੰਮ ਹੈ। ਜੇਕਰ ਇੱਕ ਘਰ ਵਿੱਚ 4 ਜੀਅ ਵੀ ਹੋਣ ਤਾਂ ਉਨ੍ਹਾਂ ਸਾਰਿਆਂ ਦਾ ਸਹੀ ਡਾਟਾ ਇਕੱਠਾ ਕਰਨ ਲਈ ਘੱਟੋ-ਘੱਟ ਇੱਕ ਘੰਟੇ ਦਾ ਸਮਾਂ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਅੱਧੇ ਦਿਨ ਵਿੱਚ 2-3 ਘਰਾਂ ਤੋਂ ਵੱਧ ਕੰਮ ਨਹੀਂ ਹੋ ਸਕਦਾ, ਜਿਸ ਨਾਲ ਜਨਗਣਨਾ ਦਾ ਟੀਚਾ ਸਮੇਂ ਸਿਰ ਪੂਰਾ ਨਹੀਂ ਹੋ ਸਕੇਗਾ। ਕਰਮਚਾਰੀਆਂ ਨੇ ਮੰਗ ਕੀਤੀ ਕਿ ਜਿਵੇਂ ਕਿ ਬੀਐੱਲਓ ਦੇ ਕੰਮ ਲਈ ਕਰਮਚਾਰੀਆਂ ਨੂੰ ਪੂਰੇ ਦਿਨ ਦੀ ਛੋਟ ਦਿੱਤੀ ਜਾਂਦੀ ਹੈ, ਉਸੇ ਤਰਜ਼ ’ਤੇ ਜਨਗਣਨਾ ਇੱਕ ਹੋਰ ਵੀ ਵੱਡਾ ਕੰਮ ਹੈ, ਇਸ ਲਈ ਇਸ ਲਈ ਵੀ ਪੂਰੇ ਦਿਨ ਦੀ ਛੋਟ ਦਿੱਤੀ ਜਾਣੀ ਬਣਦੀ ਹੈ। ਇਸ ਲਈ ਜੇਕਰ ਪ੍ਰਸ਼ਾਸਨ ਨੇ ਜਨਗਣਨਾ ਦਾ ਕੰਮ ਸਮੇਂ ਸਿਰ ਤੇ ਸਹੀ ਢੰਗ ਨਾਲ ਪੂਰਾ ਕਰਵਾਉਣਾ ਹੈ, ਤਾਂ ਜਨਗਣਨਾ ਡਿਊਟੀ ਵਾਲੇ ਕਰਮਚਾਰੀਆਂ ਨੂੰ ਅੱਧੇ ਦਿਨ ਦੀ ਥਾਂ ਪੂਰੇ ਦਿਨ ਲਈ ਫਾਰਗ ਕੀਤਾ ਜਾਵੇ। ਇਸ ਮੌਕੇ ਤੇਜਿੰਦਰ ਸਿੰਘ, ਬਲਜੀਤ ਕੌਰ, ਚਰਨਜੀਤ ਕੌਰ, ਨਵਜੋਤ ਕੌਰ, ਗੁਰਸ਼ਰਨ ਸਿੰਘ,ਜਗਜੀਤ ਕੌਰ, ਕੁਲਦੀਪ ਕੌਰ, ਹਰਵਿੰਦਰਜੀਤ ਕੌਰ, ਅਨੂਪ ਕੌਰ,ਅਮਨਦੀਪ ਕੌਰ, ਸਪਨਾ ਦੇਵੀ, ਅਨੁਰਾਧਾ, ਰਸ਼ਮੀ ਪਰਾਸ਼ਰ, ਬਲਵਿੰਦਰ ਕੌਰ, ਨੀਤੂ ਬਾਲਾ, ਮਮਤਾ ਰਾਣੀ, ਦਲਜੀਤ ਕੌਰ ਆਦਿ ਹਾਜ਼ਰ ਸਨ।