ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਓ ਦੀਵਾਲੀ : ਸੰਤ ਸੀਚੇਵਾਲ ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਓ ਦੀਵਾਲੀ ਦਾ ਤਿਉਹਾਰ:- ਸੰਤ ਸੀਚੇਵਾਲ
Publish Date: Fri, 06 Nov 2026 08:53 PM (IST)
Updated Date: Sat, 07 Nov 2026 04:06 AM (IST)
ਸੰਗਤਾਂ ਨੂੰ ਹਰੀ ਦੀਵਾਲੀ ਮਨਾਉਣ ਦੀ ਅਪੀਲ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਵਾਤਾਵਰਣ ਪ੍ਰੇਮੀ ਪਦਮ ਸ੍ਰੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼ ਵਿਦੇਸ਼ ਵਿਚ ਵਸਦੀ ਗੁਰੂ ਪਿਆਰੀ ਸੰਗਤ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈਆਂ ਦਿੰਦਿਆ ਕਿਹਾ ਕਿ ਖੁਸ਼ੀਆਂ ਦੇ ਇਸ ਤਿਉਹਾਰ ਵਿਚ ਅਜੋਕੇ ਸਮੇਂ ਦੌਰਾਨ ਪਈ ਨਵੀਂ ਪਿਰਤ ਕਰੋੜਾਂ ਰੁਪਏ ਖਰਚ ਕੇ ਪਟਾਕੇ ਚਲਾਉਣ ਨੇ ਕੁਦਰਤ ਦਾ ਬਹੁਤ ਵਿਨਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚਣ ਦੀ ਬਜਾਏ ਅਸੀਂ ਇਕ ਰੁੱਖ ਲਗਾਈਏ ਅਤੇ ਉਨ੍ਹਾਂ ਰੁਪਇਆਂ ਨੂੰ ਲੋੜਵੰਦਾਂ ਨੂੰ ਦੇ ਕੇ ਸਰਬੱਤ ਦੇ ਭਲੇ ਦਾ ਕਾਰਜ ਕਰ ਕੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਇਨ੍ਹਾਂ ਪੈਸਿਆਂ ਦਾ ਵੱਧ ਲਾਹਾ ਲਿਆ ਜਾ ਸਕਦਾ ਹੈ। ਦੁਨੀਆਂ ਵਿਚ ਇਕ ਅਹਿਮ ਮੁੱਦੇ ਵਜੋਂ ਉਭਰ ਰਹੇ ਜਲਵਾਯੂ ਪਰਿਵਰਤਨ ਦੇ ਮੁੱਦੇ ਵਿਚ ਜੇਕਰ ਕਿਸੇ ਦਾ ਸਭ ਤੋਂ ਵੱਡਾ ਸਹਿਯੋਗ ਹੈ ਤਾਂ ਉਹ ਪ੍ਰਦੂਸ਼ਣ ਦਾ ਹੀ ਹੈ। ਜਿਹੜੇ ਤਿਉਹਾਰ ਨੂੰ ਅਸੀਂ ਖੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਸਮਝਦੇ ਸੀ ਅਜੋਕੇ ਸਮਾਜ ’ਚ ਉਹ ਤਿਉਹਾਰ ਸਿਰਫ ਪਟਾਕਿਆਂ ਅਤੇ ਸ਼ੋਰ ਸ਼ਰਾਬੇ ਤੱਕ ਹੀ ਸੀਮਿਤ ਰਹਿ ਗਿਆ ਹੈ।ਉਹਨਾਂ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਵਾਪਸ ਅੰਮ੍ਰਿਤਸਰ ਆਏ ਸੀ। ਉਸ ਦੀ ਖੁਸ਼ੀ ਵਿਚ ਲੋਕਾਂ ਵੱਲੋਂ ਦੀਪਮਾਲਾ ਕੀਤੀ ਗਈ ਸੀ। ਸਿੱਖ ਧਰਮ ਵਿਚ ਇਸ ਤਿਉਹਾਰ ਨੂੰ ਬੰਦੀ ਛੋੜ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸੇ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਵਾਪਿਸ ਅਯੁਧਿਆ ਆਏ ਸਨ।ਉਹਨਾਂ ਦੇ ਵਾਪਿਸ ਆਉਣ ਦੀ ਖੁਸ਼ੀ ਵਿਚ ਵੀ ਅਯੁਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਸੀ। ਇਹਨਾਂ ਤੋਂ ਸੇਧ ਲੈਂਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਸਾਡੇ ਦੁਆਰਾ ਕੀਤੀਆਂ ਗਲਤੀਆਂ ਦਾ ਸੁਧਾਰ ਕਰਦਿਆਂ ਸਾਨੂੰ ਇਹ ਤਿਉਹਾਰ ਖੁਸ਼ੀਆਂ ਤੇ ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਉਣੀ ਚਾਹੀਦੀ ਹੈ। ਸੰਗਤਾਂ ਨੂੰ ਅਪੀਲ ਕਿ ਉਹ ਇਸ ਵਾਰ ਹਰੀ ਦੀਵਾਲੀ ਮਨਾਉਣ ਤੇ ਇਕ ਪ੍ਰਦੂਸ਼ਣ ਰਹਿਤ ਸਮਾਜ ਬਣਾਉਣ, ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਕੁਦਰਤ ਨਾਲ ਸਾਂਝ ਪਾਉਣ।