- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਵਾਰਿਸ ਲਾਸ਼ ਨੂੰ ਕੂੜਾ ਵਾਹਨ ਵਿੱਚ ਸ਼ਮਸ਼ਾਨਘਾਟ ਭੇਜਣ ਦਾ ਮਾਮਲਾ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਵਿਚ ਕੁਝ ਸਮਾਂ ਪਹਿਲਾਂ ਇਕ ਲਾਵਾਰਿਸ ਲਾਸ਼ ਨੂੰ ਅੰਤਿਮ ਸੰਸਕਾਰ ਲਈ ਕਿਸੇ ਵਾਹਨ ’ਚ ਭੇਜਣ ਦੀ ਬਜਾਏ ਕੂੜਾ ਢੋਹਣ ਵਾਲੀ ਗੱਡੀ ਵਿਚ ਸ਼ਮਸ਼ਾਨਘਾਟ ਭੇਜਣ ਦਾ ਮਾਮਲਾ ਕਾਫ਼ੀ ਚਰਚਾ ਵਿਚ ਰਿਹਾ। ਇਸ ਮਾਮਲੇ ਵਿਚ ਫਗਵਾੜਾ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਜਿਥੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਗਿਆ ਹੈ, ਉੱਥੇ ਹੀ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਆਪਣੀ ਇੱਜ਼ਤ ਬਚਾਉਣ ਲਈ ਇਕ ਗਰੀਬ ਆਉਟਸੋਰਸ ਸਫ਼ਾਈ ਸੇਵਕ ਤੇ ਉਸਦੇ ਪਰਿਵਾਰ ਨਾਲ ਅਨਿਆਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਭੁੱਖੇ ਮਰਨ ਦੇ ਕੰਢੇ ’ਤੇ ਪਹੁੰਚ ਗਏ ਹਨ।
ਗੌਰਤਲਬ ਹੈ ਕਿ ਕੁਝ ਸਮਾਂ ਪਹਿਲਾਂ ਫਗਵਾੜਾ ਕਾਰਪੋਰੇਸ਼ਨ ਵੱਲੋਂ ਇਕ ਲਾਵਾਰਿਸ ਲਾਸ਼ ਨੂੰ ਅੰਤਿਮ ਸੰਸਕਾਰ ਲਈ ਕੂੜਾ ਢੋਹਣ ਵਾਲੀ ਗੱਡੀ ਵਿਚ ਬੰਗਾ ਰੋਡ ਸਥਿਤ ਸ਼ਮਸ਼ਾਨਘਾਟ ਲਿਆਂਦਾ ਗਿਆ ਸੀ। ਇਸ ਮਾਮਲੇ ਦੀ ਮੀਡੀਆ ਕਵਰੇਜ ਦੇ ਆਧਾਰ ‘ਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੁਦ ਜਾਂਚ ਕਰਦਿਆਂ ਫਗਵਾੜਾ ਕਾਰਪੋਰੇਸ਼ਨ ਤੋਂ ਜਵਾਬ ਤਲਬ ਕੀਤਾ ਸੀ। ਮਾਮਲਾ ਅਜੇ ਵੀ ਕਮਿਸ਼ਨ ਕੋਲ ਵਿਚਾਰ ਅਧੀਨ ਹੈ ਪਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਆਪਣੀ ਫ਼ਜ਼ੀਹਤ ਦੇਖਦੇ ਹੋਏ ਪਹਿਲਾਂ ਇਕ ਸੈਨੇਟਰੀ ਇੰਸਪੈਕਟਰ ਨੂੰ ਮੁਅੱਤਲ ਕੀਤਾ, ਜਿਸਨੂੰ ਬਾਅਦ ਵਿਚ ਬਹਾਲ ਕਰ ਦਿੱਤਾ ਗਿਆ। ਕੁਝ ਦਿਨਾਂ ਬਾਅਦ ਕੂੜਾ ਗੱਡੀ ਚਲਾਉਣ ਵਾਲੇ ਆਉਟਸੋਰਸ ਸਫ਼ਾਈ ਸੇਵਕ ਨੂੰ ਨੌਕਰੀ ਤੋਂ ਕੱਢਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ।
ਕਾਰਪੋਰੇਸ਼ਨ ਅਧਿਕਾਰੀਆਂ ਦੀ ਅਣਗਹਿਲੀ ਦਾ ਸ਼ਿਕਾਰ ਬਣੇ ਸਫ਼ਾਈ ਸੇਵਕ ਗੋਵਿੰਦ ਘਈ ਨੇ ਦੱਸਿਆ ਕਿ ਉਸਨੂੰ ਬਿਨਾਂ ਵਜ੍ਹਾ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ। ਉਸਨੇ ਕਿਹਾ ਕਿ ਕੂੜਾ ਗੱਡੀ ਦੀ ਚਾਬੀ ਤੇ ਲਾਸ਼ ਨੂੰ ਸ਼ਮਸ਼ਾਨਘਾਟ ਲੈ ਜਾਣ ਦਾ ਹੁਕਮ ਕਾਰਪੋਰੇਸ਼ਨ ਦੇ ਕਰਮਚਾਰੀ ਵੱਲੋਂ ਦਿੱਤਾ ਗਿਆ ਸੀ, ਜਿਸਨੂੰ ਉਹ ਨਾ ਚਾਹੁੰਦੇ ਹੋਏ ਵੀ ਮੰਨਣ ਲਈ ਮਜਬੂਰ ਸੀ ਕਿਉਂਕਿ ਹੁਕਮ ਮੰਨਣ ਤੋਂ ਇਨਕਾਰ ਕਰਨ ‘ਤੇ ਨੌਕਰੀ ਜਾਣ ਦਾ ਵੀ ਡਰ ਸੀ।
ਸਫ਼ਾਈ ਸੇਵਕ ਗੋਵਿੰਦ ਘਈ ਨੇ ਵਿਭਾਗੀ ਅਧਿਕਾਰੀਆਂ ਅੱਗੇ ਆਪਣੀ ਗਰੀਬੀ ਦਾ ਹਵਾਲਾ ਦੇ ਕੇ ਮੁੜ ਨੌਕਰੀ ‘ਤੇ ਬਹਾਲ ਕਰਨ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਉਸਨੇ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਨੂੰ ਵੀ ਮੈਮੋਰੰਡਮ ਦੇ ਕੇ ਆਪਣੇ ਨਾਲ ਹੋ ਰਹੇ ਅਨਿਆਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਪੂਰੇ ਮਾਮਲੇ ‘ਤੇ ਸਮਾਜ ਸੇਵਕ ਆਸ਼ੂ ਮੱਟੂ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਫਗਵਾੜਾ ਕਾਰਪੋਰੇਸ਼ਨ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਪਹਿਲਾਂ ਇਕ ਮ੍ਰਿਤਕ ਦੀ ਲਾਸ਼ ਦਾ ਅਪਮਾਨ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਅਤੇ ਹੁਣ ਇਕ ਜ਼ਿੰਦਾ ਇਨਸਾਨ ਤੇ ਉਸਦੇ ਪਰਿਵਾਰ ਨੂੰ ਆਪਣੀ ਗਲਤੀ ਦੀ ਸਜ਼ਾ ਭੁਗਤਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਸਰਾਸਰ ਅਨਿਆਂ ਹੈ ਤੇ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਨਗਰ ਨਿਗਮ ਵੱਲੋਂ ਸਫ਼ਾਈ ਸੇਵਕ ਗੋਵਿੰਦ ਘਈ ਨੂੰ ਤੁਰੰਤ ਨੌਕਰੀ ‘ਤੇ ਬਹਾਲ ਨਾ ਕੀਤਾ ਗਿਆ ਤਾਂ ਉਹ ਸਮੂਹ ਸਮਾਜ ਦੇ ਨਾਲ ਮਿਲ ਕੇ ਪੀੜਤ ਸਫ਼ਾਈ ਸੇਵਕ ਨੂੰ ਨਿਆਂ ਦਿਵਾਉਣ ਲਈ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਇਸ ਦੀ ਪੂਰੀ ਜ਼ਿੰਮੇਵਾਰੀ ਫਗਵਾੜਾ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਅਤੇ ਸਥਾਨਕ ਵਿਭਾਗ ਦੀ ਹੋਵੇਗੀ।