ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ’ਤੇ ਡੇਢ ਕਰੋੜ ਦੀ ਠੱਗੀ! ਡਡਵਿੰਡੀ ਰੇਲਵੇ ਸਟੇਸ਼ਨ 'ਤੇ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ 'ਤੇ ਡੇਢ ਕਰੋੜ ਦੀ ਕਥਿਤ ਠੱਗੀ ਦਾ ਮਾਮਲਾ ਆਇਆ ਸਾਹਮਣੇ
Publish Date: Fri, 13 Nov 2026 09:18 PM (IST)
Updated Date: Fri, 13 Nov 2026 09:21 PM (IST)
15-15 ਲੱਖ ਰੁਪਏ ਦੇ ਕੇ ਟਿਕਟ ਬੁਕਿੰਗ ਕਲਰਕ ਬਣਨ ਦੇ ਸੁਪਨੇ ਲੈ ਕੇ ਆਏ ਨੌਜਵਾਨਾਂ ਨਾਲ ਹੋਈ ਕਥਿਤ ਧੋਖਾਧੜੀ ਜਾਅਲੀ ਰੇਲਵੇ ਪਛਾਣ ਪੱਤਰ ਬਣਾਉਣ ਦੇ ਵੀ ਦੋਸ਼ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਅਧੀਨ ਆਉਂਦਾ ਡਡਵਿੰਡੀ ਰੇਲਵੇ ਸਟੇਸ਼ਨ ਅਚਾਨਕ ਕਿਉਂ ਬੰਦ ਹੋ ਗਿਆ ਤੇ ਇੱਥੇ ਅਜਿਹਾ ਕੀ ਵਾਪਰਿਆ ਕਿ ਸਟੇਸ਼ਨ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੂੰ ਵੀ ਸਟੇਸ਼ਨ ਛੱਡਣਾ ਪਿਆ? ਇਨ੍ਹਾਂ ਸਵਾਲਾਂ ਦੀ ਪੜਤਾਲ ਕਰਨ ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਰਕਾਰੀ ਨੌਕਰੀ ਹਾਸਲ ਕਰਨ ਦੀ ਆਸ ਰੱਖਣ ਵਾਲੇ ਨੌਜਵਾਨਾਂ ਨਾਲ ਕਥਿਤ ਧੋਖਾਧੜੀ ਦੇ ਗੰਭੀਰ ਦੋਸ਼ਾਂ ਨੂੰ ਉਜਾਗਰ ਕੀਤਾ ਹੈ। ‘ਪੰਜਾਬੀ ਜਾਗਰਣ’ ਦੇ ਪੱਤਰਕਾਰ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਦਿਆਂ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਤੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ, ਕਥਿਤ ਪੀੜਤ ਨੌਜਵਾਨਾਂ ਨਾਲ ਹੋਈ ਗੱਲਬਾਤ ਤੇ ਸਾਹਮਣੇ ਆਏ ਦਸਤਾਵੇਜ਼ਾਂ ਤੇ ਸਬੂਤਾਂ ਦੇ ਆਧਾਰ ’ਤੇ ਇਸ ਮਾਮਲੇ ਦੀਆਂ ਕਈ ਅਹਿਮ ਪਰਤਾਂ ਖੁੱਲ੍ਹ ਕੇ ਸਾਹਮਣੇ ਆਈਆਂ ਹਨ। ਜਾਣਕਾਰੀ ਅਨੁਸਾਰ ਡਡਵਿੰਡੀ ਰੇਲਵੇ ਸਟੇਸ਼ਨ ’ਤੇ ਟਿਕਟ ਬੁਕਿੰਗ ਕਲਰਕ ਤੇ ਹੈਲਪਰ ਦੀ ਨੌਕਰੀ ਦਿਵਾਉਣ ਦੇ ਨਾਂ ’ਤੇ ਕਰੀਬ ਡੇਢ ਕਰੋੜ ਰੁਪਏ ਦੀ ਕਥਿਤ ਠੱਗੀ ਕੀਤੇ ਜਾਣ ਦਾ ਦਾਅਵਾ ਭਰੋਸੇਯੋਗ ਸੂਤਰਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਬਿਹਾਰ, ਉੱਤਰ ਪ੍ਰਦੇਸ਼, ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਸਮੇਤ ਵੱਖ-ਵੱਖ ਸੂਬਿਆਂ ਦੇ ਕਰੀਬ 10 ਨੌਜਵਾਨਾਂ ਦੇ ਕਥਿਤ ਤੌਰ ’ਤੇ ਠੱਗੀ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਮਿਲੀ ਹੈ। ਨੌਜਵਾਨਾਂ ਕੋਲੋਂ 15-15 ਲੱਖ ਰੁਪਏ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਹਿਸਾਬ ਨਾਲ ਕਥਿਤ ਠੱਗੀ ਦੀ ਕੁੱਲ ਰਕਮ ਡੇਢ ਕਰੋੜ ਰੁਪਏ ਬਣਦੀ ਹੈ। ਹਾਲਾਂਕਿ ਪੀੜਤਾਂ ਦੀ ਅਸਲ ਗਿਣਤੀ ਤੇ ਰਕਮ ਸਬੰਧੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ। ਜਾਣਕਾਰੀ ਅਨੁਸਾਰ ਕਰੀਬ 6 ਮਹੀਨੇ ਪਹਿਲਾਂ ਜੁਲਾਈ-ਅਗਸਤ ਮਹੀਨੇ ਦੌਰਾਨ ਡਡਵਿੰਡੀ ਰੇਲਵੇ ਸਟੇਸ਼ਨ ਆਮ ਵਾਂਗ ਚੱਲ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਵਾਸੀ ਹਰਪ੍ਰੀਤ ਸਿੰਘ ਨਾਮਕ ਠੇਕੇਦਾਰ ਵੱਲੋਂ ਰੇਲਵੇ ਵਿਭਾਗ ਫ਼ਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਸਟੇਸ਼ਨ ਦਾ ਠੇਕਾ ਲਿਆ ਗਿਆ ਸੀ। ਇਸ ਤੋਂ ਬਾਅਦ ਵੱਖ-ਵੱਖ ਸੂਬਿਆਂ ਤੋਂ ਨੌਜਵਾਨਾਂ ਨੂੰ ਰੇਲਵੇ ਵਿੱਚ ਟਿਕਟ ਬੁਕਿੰਗ ਕਲਰਕ ਤੇ ਹੈਲਪਰ ਦੀ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ਡਡਵਿੰਡੀ ਰੇਲਵੇ ਸਟੇਸ਼ਨ ਵਿਖੇ ਬੁਲਾਇਆ ਗਿਆ। ਨੌਜਵਾਨ ਸਰਕਾਰੀ ਨੌਕਰੀ ਦੀ ਆਸ ਲੈ ਕੇ ਇੱਥੇ ਪਹੁੰਚੇ ਸਨ। ਸੂਤਰਾਂ ਅਨੁਸਾਰ ਨੌਜਵਾਨਾਂ ਨੂੰ ਰੇਲਵੇ ਵਿੱਚ ਨੌਕਰੀ ਲੱਗਣ ਦਾ ਭਰੋਸਾ ਦਿਵਾਉਣ ਦੇ ਨਾਲ-ਨਾਲ ਕਥਿਤ ਤੌਰ ’ਤੇ ਰੇਲਵੇ ਦੇ ਜਾਅਲੀ ਪਛਾਣ ਪੱਤਰ ਵੀ ਤਿਆਰ ਕਰਵਾਏ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਦੇ ਬਹਾਨੇ ਡਡਵਿੰਡੀ ਰੇਲਵੇ ਸਟੇਸ਼ਨ ਵਿਖੇ ਡਿਊਟੀ ’ਤੇ ਲਗਾਇਆ ਗਿਆ। ਦੱਸਿਆ ਜਾਂਦਾ ਹੈ ਕਿ ਚਾਰ-ਚਾਰ ਨੌਜਵਾਨਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਹਫ਼ਤੇ-ਹਫ਼ਤੇ ਲਈ ਸਟੇਸ਼ਨ ’ਤੇ ਰੱਖਿਆ ਜਾਂਦਾ ਸੀ ਤਾਂ ਜੋ ਉਨ੍ਹਾਂ ਨੂੰ ਇਹ ਭਰੋਸਾ ਬਣਿਆ ਰਹੇ ਕਿ ਉਨ੍ਹਾਂ ਦੀ ਸਰਕਾਰੀ ਨੌਕਰੀ ਦੀ ਪ੍ਰਕਿਰਿਆ ਸਹੀ ਢੰਗ ਨਾਲ ਚੱਲ ਰਹੀ ਹੈ। ਇਸ ਮਾਮਲੇ ਵਿੱਚ ਸਬੰਧਤ ਠੇਕੇਦਾਰ ਹਰਪ੍ਰੀਤ ਸਿੰਘ ਦਾ ਪੱਖ ਜਾਣਨ ਲਈ ਵੀ ਫੋਨ ਰਾਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਇਸ ਕਾਰਨ ਇਸ ਮਾਮਲੇ ਸਬੰਧੀ ਉਨ੍ਹਾਂ ਦਾ ਪੱਖ ਪ੍ਰਾਪਤ ਨਹੀਂ ਹੋ ਸਕਿਆ। ਸ਼ਿਕਾਇਤ ਆਉਣ ਕਾਰਨ ਸਟੇਸ਼ਨ ਕੀਤਾ ਗਿਆ ਸੀ ਬੰਦ : ਏਡੀਆਰਐੱਮ ਮਾਮਲੇ ਸਬੰਧੀ ਜਦੋਂ ਉੱਤਰੀ ਰੇਲਵੇ ਫ਼ਿਰੋਜ਼ਪੁਰ ਦੇ ਏਡੀਆਰਐੱਮ ਨਿਤਿਨ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਡਡਵਿੰਡੀ ਰੇਲਵੇ ਸਟੇਸ਼ਨ ’ਤੇ ਟਿਕਟਾਂ ਦੀ ਬੁਕਿੰਗ ਲਈ ਇੱਕ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਸੀ। ਉਨ੍ਹਾਂ ਦੇ ਕਹਿਣ ਅਨੁਸਾਰ ਸਬੰਧਤ ਠੇਕੇਦਾਰ ਦੀ ਕੋਈ ਸ਼ਿਕਾਇਤ ਆਉਣ ਕਾਰਨ ਸਟੇਸ਼ਨ ਨੂੰ ਬੰਦ ਕਰ ਕੇ ਤਾਲਾ ਲਗਾਇਆ ਗਿਆ ਸੀ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਬੰਧਤ ਠੇਕੇਦਾਰ ਵੱਲੋਂ ਕਰੀਬ 10 ਨੌਜਵਾਨਾਂ ਨੂੰ ਰੇਲਵੇ ਵਿੱਚ ਸਰਕਾਰੀ ਨੌਕਰੀ ਦਿਵਾਉਣ ਦੇ ਬਹਾਨੇ 15-15 ਲੱਖ ਰੁਪਏ ਲੈਣ ਦੇ ਗੰਭੀਰ ਦੋਸ਼ ਲੱਗ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਨਹੀਂ ਹੈ। ਉਨ੍ਹਾਂ ਇਸ ਦੀ ਮੁੜ ਜਾਂਚ ਕਰਵਾਉਣ ਤੇ ਬਾਅਦ ਵਿੱਚ ਜਾਣਕਾਰੀ ਦੇਣ ਦੀ ਗੱਲ ਕਹੀ।