ਕਾਰ ਫ੍ਰੀ ਡੇਅ ’ਤੇ ਕੱਢੀ ਸਾਈਕਲ ਰੈਲੀ ਕਾਰ ਫ੍ਰੀ ਡੇਅ ਪ੍ਰਦੂਸ਼ਣ ਘਟਾਉਣ ' ਚ ਅਹਿਮ ਭੂਮਿਕਾ ਨਿਭਾਉਂਦਾ ਹੈ ਸਾਇਕਲ : ਗੁਰਬਚਨ ਸਿੰਘ ਬੰਗੜ
Publish Date: Mon, 21 Sep 2026 06:44 PM (IST)
Updated Date: Mon, 21 Sep 2026 06:44 PM (IST)
-ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਕੀਤਾ ਉਪਰਾਲਾ -ਸਾਫ਼ ਹਵਾ ਤੇ ਸਾਫ਼ ਵਾਤਾਵਰਨ ਸਾਡੀ ਸਾਂਝੀ ਜ਼ਿੰਮੇਵਾਰੀ : ਬੰਗੜ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇੱਕ ਸਾਈਕਲ ਰੈਲੀ ਕੱਢੀ ਗਈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵਿਦਿਆਰਥੀਆਂ ਵਲੋਂ ਆਮ ਪਬਲਿਕ ਨੂੰ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੇ ਸਾਈਕਲਾਂ ’ਤੇ ਵੱਖ-ਵੱਖ ਸੰਦੇਸ਼ ਦੇਣ ਵਾਲੇ ਸਲੋਗਨ ਲਿਖੇ ਹੋਏ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਬਚਨ ਸਿੰਘ ਬੰਗੜ ਨੇ ਦੱਸਿਆ ਕਿ ਅੱਜ ਅਸੀਂ ਇੱਥੇ ਕਾਰ-ਫਰੀ ਦਿਵਸ ਮਨਾਉਣ ਲਈ ਇਕੱਠੇ ਹੋਏ ਹਾਂ। ਇਹ ਦਿਨ ਸਿਰਫ਼ ਗੱਡੀਆਂ ਨਾ ਚਲਾਉਣ ਦਾ ਦਿਨ ਨਹੀਂ, ਸਗੋਂ ਸਾਡੇ ਵਾਤਾਵਰਨ, ਸਾਡੀ ਸਿਹਤ ਤੇ ਸਾਡੇ ਭਵਿੱਖ ਬਾਰੇ ਸੋਚਣ ਦਾ ਦਿਨ ਹੈ। ਅੱਜ ਸਾਡੀਆਂ ਸੜਕਾਂ ਉੱਤੇ ਵਾਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਤੇ ਸ਼ੋਰ ਪ੍ਰਦੂਸ਼ਣ ਵੀ ਵਧਾਉਂਦਾ ਹੈ। ਇਸ ਦਾ ਅਸਰ ਸਿਰਫ਼ ਵਾਤਾਵਰਨ ਉੱਤੇ ਹੀ ਨਹੀਂ, ਸਗੋਂ ਸਾਡੀ ਸਿਹਤ ਉੱਤੇ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਸਾਡੀ ਮੰਜ਼ਿਲ ਨੇੜੇ ਹੈ, ਤਾਂ ਅਸੀਂ ਕਾਰ ਜਾਂ ਬਾਈਕ ਦੀ ਬਜਾਏ ਪੈਦਲ ਚੱਲ ਸਕਦੇ ਹਾਂ ਜਾਂ ਸਾਈਕਲ ਚਲਾ ਸਕਦੇ ਹਾਂ। ਜੇ ਦੂਰੀ ਜ਼ਿਆਦਾ ਹੋਵੇ, ਤਾਂ ਅਸੀਂ ਜਨਤਕ ਆਵਾਜਾਈ ਦੀ ਵਰਤੋਂ ਕਰ ਸਕਦੇ ਹਾਂ। ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਮਿਲ ਕੇ ਵੱਡਾ ਬਦਲਾਅ ਲਿਆ ਸਕਦੀਆਂ ਹਨ। ਕਾਰ-ਫਰੀ ਦਿਵਸ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਸਾਫ਼ ਹਵਾ ਤੇ ਸਾਫ਼ ਵਾਤਾਵਰਨ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਆਓ, ਅੱਜ ਅਸੀਂ ਸਾਰੇ ਇਹ ਪ੍ਰਣ ਕਰੀਏ ਕਿ ਜਿੱਥੇ ਸੰਭਵ ਹੋਵੇਗਾ, ਅਸੀਂ ਨਿੱਜੀ ਵਾਹਨਾਂ ਦੀ ਥਾਂ ਪੈਦਲ ਚੱਲਣ, ਸਾਈਕਲ ਚਲਾਉਣ ਤੇ ਜਨਤਕ ਆਵਾਜਾਈ ਨੂੰ ਤਰਜੀਹ ਦੇਵਾਂਗੇ। ਇਸ ਮੌਕੇ ਗੁਰਵਿੰਦਰ ਸਿੰਘ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ ਸਪਨਾ ਚੱਡਾ, ਰਾਜਵੀਰ ਕੌਰ ਸੈਕਟਰੀ, ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।