ਫਲਾਈਓਵਰ ਤੋਂ ਹੇਠਾਂ ਡਿੱਗੀ ਕਾਰ, ਵੱਡੇ ਹਾਦਸੇ ਤੋਂ ਬਚਾਅ ਫਗਵਾੜਾ ’ਚ ਕੌਮੀ ਰਾਜਮਾਰਗ ਦੇ ਫਲਾਈਓਵਰ ਤੋਂ ਹੇਠਾਂ ਡਿੱਗੀ ਕਾਰ, ਵੱਡੇ ਹਾਦਸੇ ਤੋਂ ਬਚਾਅ
Publish Date: Tue, 20 Oct 2026 06:53 PM (IST)
Updated Date: Tue, 20 Oct 2026 06:54 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਜੇਸੀਟੀ ਮਿੱਲ ਫਲਾਈਓਵਰ ’ਤੇ ਬੀਤੀ ਦੇਰ ਰਾਤ ਇੱਕ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪੁਲ ਤੋਂ ਹੇਠਾਂ ਡਿੱਗ ਗਈ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮਿਲੀ ਜਾਣਕਾਰੀ ਅਨੁਸਾਰ, ਕਾਰ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੀ ਸੀ। ਜਦੋਂ ਕਾਰ ਜੇਸੀਟੀ ਮਿੱਲ ਦੇ ਨਜ਼ਦੀਕ ਫਲਾਈਓਵਰ ’ਤੇ ਪਹੁੰਚੀ ਤਾਂ ਉਹ ਅਚਾਨਕ ਡਿਵਾਈਡਰ ਨਾਲ ਟਕਰਾ ਗਈ ਤੇ ਪੁਲ ਤੋਂ ਹੇਠਾਂ ਜਾ ਡਿੱਗੀ। ਹਾਦਸੇ ਤੋਂ ਬਾਅਦ ਕਾਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਜਦਕਿ ਕਿਸੇ ਦੇ ਜ਼ਖ਼ਮੀ ਹੋਣ ਜਾਂ ਹੋਰ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਬੈਰੀਕੇਡਿੰਗ ਤੇ ਲਾਈਟਾਂ ਦੇ ਪ੍ਰਬੰਧਾਂ ’ਤੇ ਉੱਠੇ ਸਵਾਲ ਘਟਨਾ ਸਬੰਧੀ ਰਾਹਗੀਰਾਂ ਨੇ ਦੱਸਿਆ ਕਿ ਫਲਾਈਓਵਰ ਦੀ ਸ਼ੁਰੂਆਤ ’ਤੇ ਬੈਰੀਕੇਡਿੰਗ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਤੇ ਰਾਤ ਸਮੇਂ ਹਨੇਰਾ ਰਹਿਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਇਹ ਤੀਜੀ ਗੱਡੀ ਹੈ, ਜੋ ਪੁਲ ਤੋਂ ਹੇਠਾਂ ਡਿੱਗੀ ਹੈ। ਹਾਲਾਂਕਿ, ਇਨ੍ਹਾਂ ਘਟਨਾਵਾਂ ਦੇ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਆਮ ਲੋਕਾਂ ਨੇ ਕੌਮੀ ਰਾਜਮਾਰਗ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਫਲਾਈਓਵਰ ਦੇ ਡਿਵਾਈਡਰ ਤੇ ਸ਼ੁਰੂਆਤੀ ਹਿੱਸੇ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਖ਼ਤਰਨਾਕ ਥਾਵਾਂ ’ਤੇ ਮਜ਼ਬੂਤ ਬੈਰੀਕੇਡ ਲਗਾਉਣ ਤੇ ਕੌਮੀ ਰਾਜਮਾਰਗ ਦੀਆਂ ਲਾਈਟਾਂ ਨੂੰ ਰਾਤ ਸਮੇਂ ਚਾਲੂ ਰੱਖਣ ਦੀ ਮੰਗ ਕੀਤੀ, ਤਾਂ ਜੋ ਹਨੇਰੇ ਕਾਰਨ ਵਾਪਰਨ ਵਾਲੇ ਸੰਭਾਵੀ ਹਾਦਸਿਆਂ ਨੂੰ ਰੋਕਿਆ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸੁਰੱਖਿਆ ਪ੍ਰਬੰਧਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਅਜਿਹੇ ਹਾਦਸਿਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਸਬੰਧਤ ਵਿਭਾਗ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਤੇ ਫਲਾਈਓਵਰ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਕੀ ਕਦਮ ਚੁੱਕਦਾ ਹੈ।