ਨੈਸ਼ਨਲ ਹਾਈਵੇ’ਤੇ ਖੱਡ ’ਚ ਡਿੱਗੀ ਕਾਰ, 6 ਗੰਭੀਰ ਜ਼ਖਮੀ ਨੈਸ਼ਨਲ ਹਾਈਵੇ ਮੇਹਟਾਂ ਬਾਈਪਾਸ ਖੱਡ ਚ ਡਿੱਗੀ ਕਾਰ,6 ਗੰਭੀਰ ਜ਼ਖਮੀ
Publish Date: Sat, 29 Aug 2026 07:58 PM (IST)
Updated Date: Sat, 29 Aug 2026 08:01 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਨੈਸ਼ਨਲ ਹਾਈਵੇ ਮੇਹਟਾਂ ਬਾਈਪਾਸ ਪਲਾਹੀ ਪਿੰਡ ਲਾਗੇ ਇੱਕ ਤੇਜ਼ ਰਫਤਾਰ ਆਲਟੋ ਕਾਰ ਨੰਬਰ ਪੀਬੀ 32 ਐੱਨ 8772 ਦਾ ਅਚਾਨਕ ਹੀ ਸੰਤੁਲਨ ਵਿਗੜਨ ਕਾਰਨ ਕਾਰ ਇੱਕ ਟੋਏ ਰੂਪੀ ਖੱਡ ’ਚ ਜਾ ਡਿੱਗੀ, ਜਿਸ ਨਾਲ ਕਾਰ ਸਵਾਰ 6 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੁੱਢਲੇ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮੌਕੇ ’ਤੇ ਪੁੱਜੇ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਰਾਹਗੀਰਾਂ ਤੋਂ ਸੂਚਨਾ ਮਿਲੀ ਸੀ ਕੇ ਫਗਵਾੜਾ ਨੈਸ਼ਨਲ ਹਾਈਵੇ ਦੇ ਮੇਹਟਾ ਬਾਈਪਾਸ ’ਤੇ ਉਕਤ ਹਾਦਸਾ ਵਾਪਰਿਆ ਹੈ। ਐੱਸਐੱਸਐੱਫ ਟੀਮ ਤੁਰੰਤ ਮੌਕੇ ਤੇ ਪੁਹੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਕਾਰ ਸੜਕ ਕਿਨਾਰੇ ਡਿਵਾਈਡਰ ਨਾਲ ਟਕਰਾ ਗਈ ਤੇ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਗੱਡੀ ਵਿਚ ਸਵਾਰ 6 ਵਿਅਕਤੀ ਜ਼ਖਮੀ ਹੋ ਗਏ, ਜਿਨਾਂ ਨੂੰ ਜਲਦ ਹੀ ਐਂਬੂਲੈਂਸ ਰਾਹੀਂ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਫਗਵਾੜਾ ਦਾਖਲ ਕਰਵਾਇਆ ਗਿਆ ਤੇ ਉਨ੍ਹਾਂ ਦਾ ਸਮਾਨ ਉਨ੍ਹਾਂ ਦੇ ਵਾਰਸਾਂ ਹਵਾਲੇ ਕੀਤਾ ਗਿਆ। ਉਨ੍ਹਾਂ ਕੰਟਰੋਲ ਰੂਮ ਫਗਵਾੜਾ ਤੇ ਥਾਣਾ ਸਦਰ ਫਗਵਾੜਾ ਦੇ ਆਈਓ ਏਐੱਸਆਈ ਸੁਨੀਲ ਕੁਮਾਰ ਨੂੰ ਵੀ ਇਤਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਕਾਰ ਨੂੰ ਸੰਜੀਵ ਬੇਦੀ ਪੁੱਤਰ ਹਰਜਿੰਦਰ ਪਾਲ ਵਾਸੀ ਗੁਲਪੁਰ, ਜੋ ਕਿ ਬਲਾਚੌਰ ਦਾ ਦੱਸਿਆ ਜਾ ਰਿਹਾ, ਚਲਾ ਰਿਹਾ ਸੀ ਤੇ ਬਾਕੀ ਕਾਰ ਸਵਾਰ ਜ਼ਖ਼ਮੀਆਂ ਦੀ ਪਹਿਚਾਣ ਅਲਕਾ ਪੁੱਤਰੀ ਸੱਤਪਾਲ, ਸਿਮਰਨ ਪੁੱਤਰੀ ਸੱਤਪਾਲ, ਨਿਸ਼ਾ ਪਤਨੀ ਸੁਰਿੰਦਰ ਪਾਲ, ਸੰਤੋਸ਼ ਦੇਵੀ ਪਤਨੀ ਸੱਤਪਾਲ ਤੇ ਮਨੀਸ਼ਾ ਪੁੱਤਰੀ ਸੁਰਿੰਦਰ ਪਾਲ ਸਾਰੇ ਵਾਸੀ ਰੁੜਕੀ ਨਵਾਂਸ਼ਹਿਰ ਵਜੋਂ ਹੋਈ ਹੈ।