ਫਗਵਾੜਾ ‘ਚ 14 ਤੇ 16 ਨੂੰ ਲਗਾਏ ਜਾਣਗੇ ਆਯੂਸ਼ ਕੈਂਪ ਫਗਵਾੜਾ ‘ਚ 14 ਤੇ 16 ਸਤੰਬਰ ਨੂੰ ਲਗਾਏ ਜਾਣਗੇ ਕੈਂਪ - ਡਾ. ਰਾਜੀਵ ਕੁਮਾਰ
Publish Date: Sun, 13 Sep 2026 07:18 PM (IST)
Updated Date: Sun, 13 Sep 2026 07:20 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਡਾਇਰੈਕਟਰ ਆਯੁਰਵੈਦਾ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਕਪੂਰਥਲਾ ਵਿੱਚ 10 ਫਰੀ ਆਯੂਸ਼ ਕੈਂਪ ਲਗਾਏ ਜਾ ਰਹੇ ਹਨ। ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਆਯੁਰਵੈਦਿਕ ਤੇ ਹੋਮਿਓਪੈਥਿਕ ਦੇ ਫਰੀ ਅਯੂਸ਼ ਕੈਂਪ ‘ਚ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਜਾਣਗੀਆ। ਉਨ੍ਹਾਂ ਦੱਸਿਆ ਕਿ ਪੇਟ ਦੇ ਰੋਗਾਂ, ਜੋੜਾਂ ਦੇ ਦਰਦ, ਚਮੜੀ ਦੇ ਰੋਗਾਂ ਤੋਂ ਇਲਾਵਾ ਮਹਿਲਾ ਰੋਗ, ਬਲੱਡ ਪ੍ਰੈਸ਼ਰ ਤੇ ਖਾਂਸੀ ਆਦਿ ਮੌਸਮੀ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ ਇਨ੍ਹਾਂ ਕੈਂਪਾਂ ਦਾ ਭਰਪੂਰ ਲਾਭ ਲੈ ਸਕਦੇ ਹਨ। ਕੈਂਪ ’ਚ ਆਏ ਮਰੀਜ਼ਾਂ ਨੂੰ ਸ਼ਰੀਰ ਦੀ ਪ੍ਰਕਿਰਤੀ ਤੇ ਮੌਸਮ ਮੁਤਾਬਕ ਅਹਾਰ-ਵਿਹਾਰ ‘ਚ ਬਦਲਾਅ ਸਬੰਧੀ ਵਢਮੁੱਲੀ ਜਾਣਕਾਰੀ ਵੀ ਦਿੱਤੀ ਜਾਵੇਗੀ ਤੇ ਨਾਲ ਹੀ ਯੋਗ ਤੇ ਪ੍ਰਾਣਾਯਾਮ ਦੇ ਲਾਭ ਵੀ ਦੱਸੇ ਜਾਣਗੇ ਤਾਂ ਜੋ ਵਿਅਕਤੀ ਸਰੀਰਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਰਹਿ ਸਕੇ। ਇਸ ਮੌਕੇ ਸਿਹਤ ਕੇਂਦਰ ਸਿਵਲ ਹਸਪਤਾਲ ਫਗਵਾੜਾ ਦੇ ਡਾ. ਰਾਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੜੀ ਤਹਿਤ ਸਿਹਤ ਕੇਂਦਰ ਫਗਵਾੜਾ ਵਲੋਂ ਆਯੁਰਵੈਦਾ ਤੇ ਹੋਮਿਓਪੈਥੀ ਦਾ ਪਹਿਲਾ ਕੈਂਪ ਸੋਮਵਾਰ 14 ਸਤੰਬਰ ਨੂੰ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਤੇ ਦੂਸਰਾ ਕੈਂਪ 16 ਸਤੰਬਰ ਦਿਨ ਬੁੱਧਵਾਰ ਨੂੰ ਬੱਸ ਸਟੈਂਡ ਫਗਵਾੜਾ ਵਿਖੇ ਲਗਾਇਆ ਜਾਵੇਗਾ। ਇਸ ਤੋਂ ਇਲਾਵਾ 2 ਹੋਰ ਕੈਂਪ ਵੀ ਵੱਖ-ਵੱਖ ਥਾਵਾਂ ‘ਤੇ ਲਗਾਏ ਜਾਣਗੇ। ਉਨ੍ਹਾਂ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਇਨ੍ਹਾਂ ਫਰੀ ਕੈਂਪਾ ਦਾ ਭਰਪੂਰ ਲਾਭ ਲੈਣ ਦਾ ਖੁੱਲ੍ਹਾ ਸੱਦਾ ਵੀ ਦਿੱਤਾ।