ਬੰਦ ਨੂੰ ਸੁਲਤਾਨਪੁਰ ਲੋਧੀ ’ਚ ਮਿਲਿਆ ਭਰਵਾਂ ਹੁੰਗਾਰਾ ਪੰਜਾਬ ਬੰਦ ਦੇ ਸੱਦੇ ਨੂੰ ਸੁਲਤਾਨਪੁਰ ਲੋਧੀ ਚ ਮਿਲਿਆ ਭਰਵਾਂ ਹੁੰਗਾਰਾ
Publish Date: Thu, 15 Oct 2026 07:25 PM (IST)
Updated Date: Thu, 15 Oct 2026 07:27 PM (IST)
ਰੇਹੜੀ ਫੜੀ, ਦੁਕਾਨਦਾਰਾਂ ਨੇ ਕੀਤਾ ਪੂਰਨ ਰੂਪ ’ਚ ਸਹਿਯੋਗ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅੱਜ ਨਸ਼ਿਆਂ ਵਿਰੁੱਧ ਲੜਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਵਿਰੋਧ ਵਿੱਚ ਇਨਸਾਫ਼ ਕਮੇਟੀ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਪਾਵਨ ਨਗਰੀ ਸੁਲਤਾਨਪੁਰ ਲੋਧੀ ਮੁਕੰਮਲ ਤੌਰ ’ਤੇ ਬੰਦ ਰਿਹਾ, ਜਿਸ ਵਿਚ ਸਮੂਹ ਦੁਕਾਨਦਾਰਾਂ ਤੇ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਵੀ ਪੂਰਨ ਰੂਪ ਵਿਚ ਸਹਿਯੋਗ ਦਿੱਤਾ ਗਿਆ। ਵੱਖ-ਵੱਖ ਜਥੇਬੰਦੀਆਂ ਦੀ ਰਹਿਨੁਮਾਈ ਹੇਠ ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਂਕ ਵਿਖੇ ਵੱਡੀ ਤਾਦਾਦ ਵਿੱਚ ਇਕੱਤਰਤਾ ਕੀਤੀ ਗਈ ਤੇ ਪੰਜਾਬ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਆਵਾਜਾਈ ਬੰਦ ਕੀਤੀ ਗਈ। ਇਸ ਮੌਕੇ ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਪੇਂਡੂ ਮਜ਼ਦੂਰ ਯੂਨੀਅਨ ਨਿਰਮਲ ਸਿੰਘ ਸ਼ੇਰਪੁਰ ਸੱਦਾ, ਤਰਸੇਮ ਸਿੰਘ ਵਿੱਕੀ ਜੈਨਪੁਰ ਅਕਾਲੀ ਦਲ ਵਾਰਸ ਪੰਜਾਬ, ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਬਾਗੀ ਪਰਮਜੀਤ ਸਿੰਘ ਜੱਬੋਵਾਲ, ਬੋਹੜ ਸਿੰਘ ਹਜਾਰਾ ਅਕਾਲੀ ਦਲ ਵਾਰਸ ਪੰਜਾਬ, ਕਿਰਤੀ ਕਿਸਾਨ ਯੂਨੀਅਨ ਜਰਨੈਲ ਸਿੰਘ ਸੈਦੋਵਾਲ, ਹਰਨਾਮ ਸਿੰਘ ਬੋਹੜ ਵਾਲਾ, ਅਵਤਾਰ ਸਿੰਘ, ਡਾ. ਹਰਜੀਤ ਸਿੰਘ, ਜਰਨੈਲ ਸਿੰਘ ਦੋਦਾ ਵਜ਼ੀਰ ਆਦਿ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਤਲਵੰਡੀ ਪੁਲ ਤੇ ਧਰਨਾ ਦਿੱਤਾ ਗਿਆ। ਮੁਕੰਮਲ ਰੂਪ ਵਿੱਚ ਬੰਦ ਰਿਹਾ ਸੁਲਤਾਨਪੁਰ ਲੋਧੀ ਸਮੁੱਚੇ ਪੰਜਾਬ ਅੰਦਰ ਅੱਜ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ’ਤੇ ਸਮੂਹ ਬਜ਼ਾਰ, ਦੁਕਾਨਾਂ, ਰੇਹੜੀ ਫੜੀ, ਸਮੂਹ ਸਕੂਲ, ਕਾਲਜ ਮੁਕੰਮਲ ਰੂਪ ਵਿੱਚ ਬੰਦ ਰਹੇ ਤੇ ਲੋਕਾਂ ਵੱਲੋਂ ਮਿਲੇ ਆਪ ਮੁਹਾਰੇ ਸਹਿਯੋਗ ਨਾਲ ਪੰਜਾਬ ਬੰਦ ਨੂੰ ਸਫਲ ਬਣਾਉਂਦਿਆਂ ਸੁਲਤਾਨਪੁਰ ਲੋਧੀ ਵਿਖੇ ਵੀ ਸਮੁੱਚੀਆਂ ਜਥੇਬੰਦੀਆਂ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ, ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਤਲ ਕਾਂਡ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਗਿਆ। ਅੱਜ ਸਮੁੱਚੇ ਸ਼ਹਿਰ ਸੁਲਤਾਨਪੁਰ ਲੋਧੀ ਸਮੇਤ ਇਲਾਕੇ ਦੇ ਸਮੁੱਚੇ ਕਸਬਿਆਂ ਟਿੱਬਾ, ਡਡਵਿੰਡੀ, ਫੱਤੂਢੀਂਗਾ ਆਦਿ ਵਿੱਚ ਬੰਦ ਨੂੰ ਮੁਕੰਮਲ ਰੂਪ ਵਿੱਚ ਹੁੰਗਾਰਾ ਮਿਲਿਆ ਤੇ ਸ਼ਹਿਰ ਦੇ ਸਮੁੱਚੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਵੇਖੇ ਗਏ।