- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਲਤ ਵੱਲੋਂ ਰੱਦ ਕੀਤੀਆਂ ਗਲਤ ਉੱਤਰ ਕੁੰਜੀਆਂ ਨੂੰ ਮੁੜ ਲਾਗੂ ਕਰਕੇ ਸਰਕਾਰ ਕਰ ਰਹੀ 253 ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਟੂਰਾ

ਸਰਕਾਰ 253 ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ : ਟੂਰਾ
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਅੱਜ ਫਗਵਾੜਾ ’ਚ ਸਿਰਕੱਢ ਅਧਿਆਪਕ ਆਗੂ ਸਤਵੰਤ ਟੂਰਾ, ਦੀਪਕ ਸਹਿਗਲ, ਵਰਿੰਦਰ ਸ਼ਰਮਾ, ਹਰਸਿਮਰਨ ਸਿੰਘ, ਸੀਤਲ ਕੁਮਾਰ, ਸੰਦੀਪ ਸਿੰਘ ਤੇ ਵਿਨੋਦ ਕੁਮਾਰ ਦੀ ਅਗਵਾਈ ਵਿੱਚ ਇਕੱਤਰ ਹੋਏ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਲਗਭਗ ਪਿਛਲੇ ਤਿੰਨ ਸਾਲ ਤੋਂ ਸਿੱਖਿਆ ਵਿਭਾਗ ਦੇ ਸਾਰੇ ਪੈਮਾਨੇ ਤੇ ਯੋਗਤਾਵਾਂ ਪੂਰੀਆਂ ਕਰਕੇ ਸੇਵਾਵਾਂ ਨਿਭਾ ਰਹੇ 4,161 ਮਾਸਟਰ ਕਾਡਰ ਭਰਤੀ ਅਧੀਨ 253 ਅਧਿਆਪਕਾਂ ਨੂੰ ਪਹਿਲਾ ਪਰਖ ਸਮਾਂ ਪੂਰਾ ਕਰਨ ਦੇ ਠੀਕ ਇੱਕ ਦਿਨ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਤੇ ਫਿਰ 28 ਅਕਤੂਬਰ ਨੂੰ ਟਰਮੀਨੇਸ਼ਨ ਦੇ ਆਰਡਰ ਜਾਰੀ ਕਰਨ ਨਾਲ ਪੰਜਾਬ ਸਰਕਾਰ ਦਾ ਅਧਿਆਪਕ ਵਰਗ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਆਗੂਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਜਿਸ ਉੱਤਰ ਕੁੰਜੀ ਨੂੰ ਆਧਾਰ ਬਣਾ ਕੇ ਸਿੱਖਿਆ ਵਿਭਾਗ ਵੱਲੋਂ 253 ਅਧਿਆਪਕਾਂ ਨੂੰ ਟਰਮੀਨੇਟ ਕੀਤਾ ਗਿਆ ਹੈ, ਉਸ ਨੂੰ ਮਈ 2023 ਵਿੱਚ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਨਾਲ ਪਹਿਲਾਂ ਹੀ ਰੱਦ ਕੀਤਾ ਗਿਆ ਸੀ, ਪਰ ਅੱਜ ਇਨ੍ਹਾਂ ਟਰਮੀਨੇਟਡ ਅਧਿਆਪਕਾਂ ਦੀਆਂ ਤਿੰਨ ਸਾਲ ਬਾਅਦ ਫਿਰ ਰੱਦ ਕੀਤੀਆਂ ਉੱਤਰ ਕੁੰਜੀਆਂ ਨੂੰ ਲਾਗੂ ਕਰਕੇ 253 ਅਧਿਆਪਕਾਂ ਨੂੰ ਭਰਤੀ ਸੂਚੀ ਵਿੱਚੋਂ ਬਾਹਰ ਕਰਕੇ ਇਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ। ਟੂਰਾ ਨੇ ਕਿਹਾ ਕਿ ਸਰਕਾਰ ਇਨ੍ਹਾਂ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਨਾ ਕਰੇ, ਸਗੋਂ ਗਲਤ ਤਰੀਕੇ ਨਾਲ ਅਧਿਕਾਰੀਆਂ ਤੇ ਵਿਭਾਗ ਦੀਆਂ ਗਲਤੀਆਂ ਨੂੰ ਛੁਪਾਉਣ ਲਈ ਕੀਤੀਆਂ ਗਈਆਂ ਟਰਮੀਨੇਸ਼ਨਾਂ ਨੂੰ ਰੱਦ ਕਰਦੇ ਹੋਏ ਇਨ੍ਹਾਂ ਅਧਿਆਪਕਾਂ ਦੇ ਕੇਸ ਨੂੰ ਹਮਦਰਦੀ ਨਾਲ ਵਿਚਾਰਦੇ ਹੋਏ ਇਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਜਾਰੀ ਰੱਖਣ ਦੇ ਆਦੇਸ਼ ਜਾਰੀ ਕਰੇ। ਅੱਜ 253 ਅਧਿਆਪਕਾਂ ਦੀਆਂ ਗਲਤ ਤਰੀਕੇ ਨਾਲ ਹੋਈਆਂ ਟਰਮੀਨੇਸ਼ਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਸਰਕਾਰ ਲਗਾਤਾਰ ਮੁਲਾਜ਼ਮ ਵਿਰੋਧੀ ਵਤੀਰਾ ਅਪਣਾ ਰਹੀ ਹੈ, ਜਦੋਂ ਕਿ ਸਿੱਖਿਆ ਵਿਭਾਗ ਵਿੱਚ ਹਜ਼ਾਰਾਂ ਹੀ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ, ਜੇ ਸਰਕਾਰ ਦੀ ਨੀਅਤ ਸਾਫ਼ ਹੋਵੇ ਤਾਂ ਇਹ ਅਧਿਆਪਕ ਪਹਿਲਾਂ ਹੀ ਮਨਜ਼ੂਰਸ਼ੁਦਾ ਪੋਸਟਾਂ ਉੱਪਰ ਕੰਮ ਕਰ ਰਹੇ ਹਨ ਤਾਂ ਇਨ੍ਹਾਂ ਅਧਿਆਪਕਾਂ ਨੂੰ ਬਹਾਲ ਕਰ ਸਕਦੀ ਹੈ। ਅਧਿਆਪਕਾਂ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਤੇ ਵਾਅਦਾ ਯਾਦ ਕਰਾਉਂਦਿਆਂ ਕਿਹਾ ਕਿ ਤੁਹਾਡਾ ਹਰਾ ਪੈੱਨ ਤਾਂ ਮੁਲਾਜ਼ਮ ਵਰਗ ਦੀ ਭਲਾਈ ਲਈ ਚੱਲਣਾ ਸੀ, ਪਰ ਅੱਜ ਇਹ ਹਰਾ ਪੈੱਨ ਅਧਿਆਪਕਾਂ ਦੇ ਭਵਿੱਖ ਨੂੰ ਖਰਾਬ ਕਰਨ ਲਈ ਚਲਾ ਦਿੱਤਾ ਹੈ, ਇਸ ਨਾਲ ਸਮੁੱਚੇ ਅਧਿਆਪਕ ਵਰਗ ਵਿੱਚ ਪੰਜਾਬ ਸਰਕਾਰ ਪ੍ਰਤੀ ਬਹੁਤ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਨਾਲ ਹੀ ਅਪੀਲ ਕੀਤੀ ਕਿ ਸਿੱਖਿਆ ਕ੍ਰਾਂਤੀ ਦਾ ਦਾਅਵਾ ਕਰਨੇ ਵਾਲੀ ਪੰਜਾਬ ਸਰਕਾਰ ਇਨ੍ਹਾਂ 253 ਟਰਮੀਨੇਟ ਕੀਤੇ ਗਏ ਬਿਨਾਂ ਕਸੂਰ ਤੋਂ ਅਧਿਆਪਕਾਂ ਨਾਲ ਹਮਦਰਦੀ ਤੇ ਕੁਦਰਤੀ ਨਿਆਂ ਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਵੇਖਦੇ ਹੋਏ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਨਿਰਦੇਸ਼ ਜਾਰੀ ਕਰਨ ਤਾਂ ਕਿ ਇਹ ਅਧਿਆਪਕ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਸਕਣ ਤੇ ਆਪਣੇ ਚੰਗੇ ਭਵਿੱਖ ਦੀ ਆਸ ਕਰਨ। ਰੋਸ ਵਿੱਚ ਆਏ ਅਧਿਆਪਕਾਂ ਨੇ ਵਿਭਾਗ ਵੱਲੋਂ ਜਾਰੀ ਟਰਮੀਨੇਸ਼ਨਾਂ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ ਆਪਣਾ ਰੋਸ ਪ੍ਰਗਟ ਕੀਤਾ। ਇਸ ਸਮੇਂ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।