ਕੰਧ ’ਚ ਸੰਨ੍ਹ ਲਾ ਕੇ ਚੋਰਾਂ ਨੇ ਉਜਾੜ ਦਿੱਤੇ ਮਿਹਨਤ ਦੀ ਕਮਾਈ ਨਾਲ ਸਜੇ ਸੁਪਨੇ
ਕੰਧ ਵਿੱਚ ਸੰਨ ਲਾ ਕੇ ਚੋਰਾਂ ਨੇ ਇੱਕ ਰਾਤ ਵਿੱਚ ਉਜਾੜ ਦਿੱਤੇ ਵਿਦੇਸ਼ੀ ਮਿਹਨਤ ਦੀ ਕਮਾਈ ਨਾਲ ਸਜੇ ਸੁਪਨੇ
Publish Date: Wed, 17 Jun 2026 08:59 PM (IST)
Updated Date: Wed, 17 Jun 2026 09:00 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਚੱਕ ਕੋਟਲਾ ’ਚ ਬੀਤੀ ਰਾਤ ਵਾਪਰੀ ਇਕ ਚੋਰੀ ਦੀ ਵਾਰਦਾਤ ਨੇ ਨਾ ਸਿਰਫ਼ ਇਕ ਪਰਿਵਾਰ ਨੂੰ ਆਰਥਿਕ ਤੌਰ ’ਤੇ ਝੰਜੋੜ ਕੇ ਰੱਖ ਦਿੱਤਾ ਹੈ, ਸਗੋਂ ਪੂਰੇ ਇਲਾਕੇ ਵਿਚ ਡਰ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ। ਅਣਪਛਾਤੇ ਚੋਰਾਂ ਨੇ ਯੋਜਨਾਬੱਧ ਢੰਗ ਨਾਲ ਘਰ ਦੀ ਪਿਛਲੀ ਕੰਧ ਨੂੰ ਸੰਨ੍ਹ ਲਾ ਕੇ ਅੰਦਰ ਦਾਖ਼ਲ ਹੋ ਕੇ ਸਾਲਾਂ ਦੀ ਮਿਹਨਤ ਨਾਲ ਜੋੜੀ ਪੂੰਜੀ ’ਤੇ ਹੱਥ ਸਾਫ ਕਰ ਦਿੱਤਾ। ਚੋਰਾਂ ਦੀ ਹਿੰਮਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੇ ਘਰ ਦੇ ਮੈਂਬਰਾਂ ਦੇ ਵਿਹੜੇ ਵਿਚ ਸੁੱਤੇ ਹੋਣ ਦੇ ਬਾਵਜੂਦ ਵਾਰਦਾਤ ਨੂੰ ਅੰਜਾਮ ਦਿੱਤਾ। ਜਾਂਦੇ ਸਮੇਂ ਉਹ ਘਰ ਦੇ ਅੰਦਰਲੇ ਦਰਵਾਜ਼ਿਆਂ ਨੂੰ ਕੱਪੜਿਆਂ ਨਾਲ ਬੰਨ੍ਹ ਗਏ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ। ਜਦੋਂ ਸਵੇਰੇ ਪਰਿਵਾਰਕ ਮੈਂਬਰ ਜਾਗੇ ਤਾਂ ਉਹਨਾਂ ਨੂੰ ਕੁਝ ਅਜੀਬ ਮਹਿਸੂਸ ਹੋਇਆ। ਛੱਤ ਰਾਹੀਂ ਅੰਦਰ ਜਾ ਕੇ ਵੇਖਿਆ ਤਾਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ, ਸਾਮਾਨ ਖਿੱਲਰਿਆ ਹੋਇਆ ਸੀ ਅਤੇ ਘਰ ਵਿਚੋਂ ਲਗਭਗ 25 ਤੋਲੇ ਸੋਨਾ, 10 ਤੋਂ 12 ਤੋਲੇ ਚਾਂਦੀ, ਕਰੀਬ ਢਾਈ ਲੱਖ ਰੁਪਏ ਨਕਦ ਅਤੇ ਹੋਰ ਕੀਮਤੀ ਸਾਮਾਨ ਗਾਇਬ ਸੀ। ਪੀੜਤ ਪਰਿਵਾਰ ਦੀਆਂ ਮੈਂਬਰਾਂ ਬਲਜੀਤ ਕੌਰ ਅਤੇ ਸੰਦੀਪ ਕੌਰ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਪਿਛਲੇ ਕਰੀਬ ਵੀਹ ਸਾਲਾਂ ਤੋਂ ਵਿਦੇਸ਼ ਵਿਚ ਮਿਹਨਤ-ਮਜ਼ਦੂਰੀ ਕਰ ਕੇ ਘਰ ਦਾ ਭਵਿੱਖ ਸੰਵਾਰਨ ਲਈ ਇਕ-ਇਕ ਪੈਸਾ ਜੋੜ ਰਹੇ ਸਨ। ਧੀਆਂ ਦੇ ਵਿਆਹਾਂ ਅਤੇ ਪਰਿਵਾਰਕ ਜ਼ਰੂਰਤਾਂ ਲਈ ਸੰਭਾਲ ਕੇ ਰੱਖਿਆ ਸੋਨਾ ਅਤੇ ਨਕਦੀ ਚੋਰ ਲੈ ਗਏ ਹਨ। ਉਹਨਾਂ ਕਿਹਾ ਕਿ ਇਹ ਸਿਰਫ਼ ਚੋਰੀ ਨਹੀਂ, ਸਗੋਂ ਉਹਨਾਂ ਦੇ ਸੁਪਨਿਆਂ, ਉਮੀਦਾਂ ਅਤੇ ਸਾਲਾਂ ਦੀ ਮਿਹਨਤ ’ਤੇ ਡਾਕਾ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਉਹਨਾਂ ਦੋਸ਼ ਲਗਾਇਆ ਕਿ ਕੁਝ ਸਮਾਂ ਪਹਿਲਾਂ ਬਸਤੀ ਰੰਗੀਲਪੁਰ ਵਿੱਚ ਵੀ ਚੋਰੀ ਦੀ ਇੱਕ ਵੱਡੀ ਵਾਰਦਾਤ ਹੋਈ ਸੀ, ਪਰ ਅਜੇ ਤੱਕ ਉਸ ਮਾਮਲੇ ਵਿਚ ਵੀ ਪੁਲਿਸ ਦੇ ਹੱਥ ਖਾਲੀ ਹਨ। ਇਸ ਕਾਰਨ ਲੋਕਾਂ ਦਾ ਭਰੋਸਾ ਡਗਮਗਾਉਣ ਲੱਗਾ ਹੈ ਅਤੇ ਲੋਕ ਆਪਣੇ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਪਿੰਡ ਦੇ ਸਰਪੰਚ ਹਰਚਰਨ ਸਿੰਘ ਨੇ ਕਿਹਾ ਕਿ ਚੱਕ ਕੋਟਲਾ ਹਮੇਸ਼ਾ ਅਮਨ ਅਤੇ ਭਾਈਚਾਰੇ ਲਈ ਜਾਣਿਆ ਜਾਂਦਾ ਰਿਹਾ ਹੈ, ਪਰ ਇਸ ਵੱਡੀ ਚੋਰੀ ਨੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਪੰਚਾਇਤ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ। ਚੌਂਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ ਜਾ ਰਹੀ ਹੈ ਅਤੇ ਹਰ ਸੰਭਵ ਪੱਖ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਹਨਾਂ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।