ਮਠਿਆਈਆਂ ਦੀਆਂ ਦੁਕਾਨਾਂ ’ਤੇ ਲੱਗੀਆਂ ਭੀੜਾਂ ਰੱਖੜੀ ਦੇ ਤਿਉਹਾਰ ਮੌਕੇ ਬਾਜ਼ਾਰਾਂ ’ਚ ਛਾਈ ਰੌਣਕ, ਮਠਿਆਈਆਂ ਦੀਆਂ ਦੁਕਾਨਾਂ ’ਤੇ ਲੱਗੀਆਂ ਭੀੜਾਂ
Publish Date: Thu, 27 Aug 2026 07:34 PM (IST)
Updated Date: Thu, 27 Aug 2026 07:37 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਫਗਵਾੜਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਖੂਬ ਰੌਣਕ ਦੇਖਣ ਨੂੰ ਮਿਲੀ। ਭੈਣ-ਭਰਾ ਦੇ ਪਿਆਰ ਤੇ ਸਨੇਹ ਦੇ ਪ੍ਰਤੀਕ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆਇਆ। ਸਵੇਰ ਤੋਂ ਹੀ ਬਾਜ਼ਾਰਾਂ ਵਿੱਚ ਲੋਕਾਂ ਦੀ ਆਵਾਜਾਈ ਵਧ ਗਈ ਤੇ ਲੋਕਾਂ ਨੇ ਰੱਖੜੀਆਂ, ਮਠਿਆਈਆਂ, ਤੋਹਫ਼ਿਆਂ ਤੇ ਹੋਰ ਸਾਮਾਨ ਦੀ ਜੰਮ ਕੇ ਖਰੀਦਦਾਰੀ ਕੀਤੀ। ਰੱਖੜੀ ਦੇ ਤਿਉਹਾਰ ਦਾ ਸਭ ਤੋਂ ਵੱਧ ਉਤਸ਼ਾਹ ਮਠਿਆਈਆਂ ਦੀਆਂ ਦੁਕਾਨਾਂ ’ਤੇ ਦੇਖਣ ਨੂੰ ਮਿਲਿਆ, ਜਿੱਥੇ ਲੋਕ ਆਪਣੇ ਭੈਣ-ਭਰਾਵਾਂ ਲਈ ਵੱਖ-ਵੱਖ ਕਿਸਮ ਦੀਆਂ ਮਠਿਆਈਆਂ ਖਰੀਦਦੇ ਨਜ਼ਰ ਆਏ। ਕਈ ਦੁਕਾਨਾਂ ਦੇ ਬਾਹਰ ਗਾਹਕਾਂ ਦੀਆਂ ਲੰਬੀਆਂ ਕਤਾਰਾਂ ਵੀ ਦੇਖਣ ਨੂੰ ਮਿਲੀਆਂ। ਮਠਿਆਈਆਂ ਦੀ ਵਧੀ ਮੰਗ ਕਾਰਨ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਵੀ ਖੁਸ਼ੀ ਸਾਫ਼ ਝਲਕ ਰਹੀ ਸੀ। ਜੇਸੀਟੀ ਮਿੱਲ ਮਾਰਕੀਟ ਵਿੱਚ ਸਥਿਤ ਮੋਹਨ ਸਵੀਟ ਹਾਉਸ ’ਤੇ ਵੀ ਰੱਖੜੀ ਮੌਕੇ ਮਠਿਆਈਆਂ ਖਰੀਦਣ ਲਈ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਗਾਹਕ ਆਪਣੀ ਪਸੰਦ ਅਨੁਸਾਰ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਖਰੀਦਦੇ ਰਹੇ। ਦੁਕਾਨਦਾਰਾਂ ਵੱਲੋਂ ਵੀ ਤਿਉਹਾਰ ਨੂੰ ਮੁੱਖ ਰੱਖਦਿਆਂ ਮਠਿਆਈਆਂ ਦੀਆਂ ਵੱਖ-ਵੱਖ ਕਿਸਮਾਂ ਤਿਆਰ ਕੀਤੀਆਂ ਗਈਆਂ ਸਨ। ਲੋਕਾਂ ਦਾ ਕਹਿਣਾ ਸੀ ਕਿ ਰੱਖੜੀ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਭੈਣ-ਭਰਾ ਦੇ ਪਿਆਰ ਤੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਹੈ। ਇਸ ਮੌਕੇ ਪਰਿਵਾਰਾਂ ਵਿੱਚ ਵੀ ਖੁਸ਼ੀ ਦਾ ਮਾਹੌਲ ਰਿਹਾ। ਬਾਜ਼ਾਰਾਂ ਵਿੱਚ ਹੋਈ ਚੰਗੀ ਖਰੀਦਦਾਰੀ ਨੇ ਵਪਾਰੀਆਂ ਤੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਵੀ ਰੌਣਕ ਲਿਆ ਦਿੱਤੀ। ਰੱਖੜੀ ਦੇ ਮੌਕੇ ਮੋਹਨ ਸਵੀਟ ਹਾਊਸ ਦੇ ਮਾਲਕ ਵਿਸ਼ਾਲ ਕੁਮਾਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ। ਵਿਸ਼ਾਲ ਕੁਮਾਰ ਨੇ ਕਿਹਾ ਕਿ ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ੀਆਂ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਲੈ ਕੇ ਆਉਂਦੇ ਹਨ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਰੱਖੜੀ ਦਾ ਤਿਉਹਾਰ ਆਪਸੀ ਪਿਆਰ, ਸਾਂਝ ਤੇ ਸਦਭਾਵਨਾ ਨਾਲ ਮਨਾਇਆ ਜਾਵੇ।